ਇੰਡੀਆ ਦੀ ਚੋਟੀ ਦੀ ਖਿਡਾਰਨ ਅਤੇ ਸਾਬਕਾ ਵਰਲਡ ਚੈਂਪੀਅਨ ਪੁਸਰਲਾ ਵੈਂਕਟ (ਪੀ.ਵੀ.) ਸਿੰਧੂ ਆਪਣੀ ਖੱਬੀ ਲੱਤ ‘ਚ ਸਟ੍ਰੈਸ ਫ੍ਰੈਕਚਰ ਕਾਰਨ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ ਹੈ। ਇਕ ਰਿਪੋਰਟ ‘ਚ ਸਿੰਧੂ ਦੇ ਪਿਤਾ ਪੀ.ਵੀ. ਰਮਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦੋ ਵਾਰ ਦੀ ਓਲੰਪਿਕਸ ਤਗ਼ਮਾ ਜੇਤੂ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਕੁਆਰਟਰ ਫਾਈਨਲ ‘ਚ ਸੱਟ ਲੱਗ ਗਈ ਸੀ। ਉਸ ਨੇ ਕਿਹਾ ਕਿ ਸਿੰਧੂ ਨੇ ਸੱਟ ਦੇ ਬਾਵਜੂਦ ਸੈਮੀਫਾਈਨਲ ਮੈਚ ਖੇਡਿਆ ਅਤੇ ਆਖਰਕਾਰ ਰਾਸ਼ਟਰਮੰਡਲ ਸੋਨ ਤਗ਼ਮਾ ਜਿੱਤਿਆ। 27 ਸਾਲਾ ਸਿੰਧੂ ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਇਕ ਸੋਨ ਤਗ਼ਮੇ ਸਮੇਤ ਪੰਜ ਤਗ਼ਮੇ ਜਿੱਤੇ ਹਨ। ਹੁਣ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੱਕ ਨਿਗਰਾਨੀ ‘ਚ ਰੱਖਿਆ ਜਾਵੇਗਾ। ਰਮਨ ਨੇ ਕਿਹਾ, ‘ਸਿੰਗਾਪੁਰ ਓਪਨ ਅਤੇ ਰਾਸ਼ਟਰਮੰਡਲ ਖੇਡਾਂ ਜਿੱਤਣ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਤੋਂ ਖੁੰਝ ਜਾਣਾ ਨਿਰਾਸ਼ਾਜਨਕ ਹੈ, ਪਰ ਇਹ ਸਾਰੀਆਂ ਚੀਜ਼ਾਂ ਸਾਡੇ ਹੱਥ ‘ਚ ਨਹੀਂ ਹਨ।’