ਪੰਜਾਬ ਦੇ ਅੰਮ੍ਰਿਤਸਰ ਤੇ ਜਲੰਧਰ ‘ਚ ਪਹੁੰਚੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ‘ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਖੁਦ ਨੂੰ ਇਮਾਨਦਾਰ ਦੱਸਣ ਵਾਲੇ ਭ੍ਰਿਸ਼ਟਾਚਾਰ ਦੀ ਦਲਦਲ ‘ਚ ਫਸ ਚੁੱਕੇ ਹਨ। ਉਨ੍ਹਾਂ ਦਿੱਲੀ ਦੀ ਵਿਵਾਦਤ ਆਬਕਾਰੀ ਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਕਥਿਤ ਘਪਲੇ ਦੇ ਤਾਰ ਪੰਜਾਬ ਨਾਲ ਜੁੜੇ ਹੋਏ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 52ਵੇਂ ਖੇਡ ਇਨਾਮ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕੌਮੀ, ਕੌਮਾਂਤਰੀ ਅਤੇ ਆਲ ਇੰਡੀਆ ਅੰਤਰ-‘ਵਰਸਿਟੀ ਪੱਧਰ ‘ਤੇ ਵੱਖ-ਵੱਖ ਖੇਡਾਂ ‘ਚ ਮੱਲਾਂ ਮਾਰਨ ਵਾਲੇ 268 ਖਿਡਾਰੀਆਂ ਤੇ ਕਾਲਜਾਂ ਨੂੰ ਦੋ ਕਰੋੜ ਰੁਪਏ ਦੇ ਨਕਦ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ‘ਆਪ’ ਸਰਕਾਰ ‘ਤੇ ਦੋਸ਼ ਲਾਇਆ ਕਿ ਦਿੱਲੀ ਦੀ ਸ਼ਰਾਬ ਨੀਤੀ ਤਹਿਤ ਜਿੰਨਾ ਵੀ ਘਪਲਾ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ‘ਆਪ’ ਸੁਪਰੀਮੋ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂਅ ਲਏ ਬਿਨਾਂ ਉਨ੍ਹਾਂ ਕਿਹਾ ਕਿ ਵਿਦੇਸ਼ ‘ਚ ਕਥਿਤ ਸ਼ਰਾਬ ਪੀ ਕੇ ਜਹਾਜ਼ ਵਿੱਚੋਂ ਉਤਾਰੇ ਜਾਣ ਦੀ ਜੋ ਖ਼ਬਰ ਆ ਰਹੀ ਹੈ, ਉਹ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਦੇ ਅਧਿਕਾਰੀਆ ਨੂੰ ਇਸ ਬਾਰੇ ਸਪੱਸ਼ਟ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੂੰ ਡੇਗਣ ਦੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਅਨੁਰਾਗ ਠਾਕੁਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ‘ਚ ਆਉਣ ਨਾਲ ਪਾਰਟੀ ਨੂੰ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ‘ਚ ਵੀ ਫਾਇਦਾ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਜਰਬੇਕਾਰ ਸਿਆਸਤਦਾਨ ਹਨ। ਉਨ੍ਹਾਂ ਲੰਮਾ ਸਮਾਂ ਸਿਆਸਤ ‘ਚ ਗੁਜ਼ਾਰਿਆ ਹੈ ਜਿਸ ਦਾ ਭਾਜਪਾ ਨੂੰ ਜ਼ਰੂਰ ਲਾਭ ਹੋਵੇਗਾ।