ਕੈਨੇਡਾ ‘ਚ ਇਕ ਦੇਸ਼ ਵਿਆਪੀ ਤਿੰਨ ਅੰਕਾਂ ਵਾਲੀ ਖੁਦਕੁਸ਼ੀ ਰੋਕਥਾਮ ਅਤੇ ਮਾਨਸਿਕ ਸਿਹਤ ਸੰਕਟ ਹੌਟਲਾਈਨ 2023 ‘ਚ ਲਾਗੂ ਹੋ ਜਾਵੇਗੀ। ਦੇਸ਼ ਦੇ ਪ੍ਰਸਾਰਣ ਅਤੇ ਦੂਰਸੰਚਾਰ ਰੈਗੂਲੇਟਰ ਨੇ ਇਸ ਸਬੰਧੀ ਐਲਾਨ ਕੀਤਾ। ਕੈਨੇਡੀਅਨ ਰੇਡੀਓ-ਟੈਲੀਵਿਜ਼ਨ ਅਤੇ ਦੂਰਸੰਚਾਰ ਕਮਿਸ਼ਨ (ਸੀ.ਆਰ.ਟੀ.ਸੀ.) ਨੇ ਇਕ ਐਲਾਨ ‘ਚ ਕਿਹਾ ਕਿ 30 ਨਵੰਬਰ 2023 ਨੂੰ ਸ਼ੁਰੂ ਹੋਣ ਵਾਲੀ ਹੌਟਲਾਈਨ 9-8-8 ਨੂੰ ਕੈਨੇਡੀਅਨਾਂ ਲਈ ਕਾਲ ਕਰਨ ਜਾਂ ਟੈਕਸਟ ਕਰਨ ਲਈ ਨੰਬਰ ਵਜੋਂ ਅਪਣਾਏਗੀ, ਜਿਨ੍ਹਾਂ ਨੂੰ ਮਾਨਸਿਕ ਸਿਹਤ ਸੰਕਟ ਅਤੇ ਖੁਦਕੁਸ਼ੀ ਰੋਕਥਾਮ ਦਖਲ ਦੀ ਫੌਰੀ ਲੋੜ ਹੈ। ਸੀ.ਆਰ.ਟੀ.ਸੀ. ਨੇ ਕਿਹਾ ਕਿ ਇਕ ਵਾਰ ਟੈਲੀਫੋਨ ਅਤੇ ਵਾਇਰਲੈੱਸ ਸੇਵਾ ਪ੍ਰਦਾਤਾਵਾਂ ਦੁਆਰਾ ਲਾਗੂ ਕੀਤੇ ਜਾਣ ਤੋਂ ਬਾਅਦ, 9-8-8 ‘ਤੇ ਕਾਲਾਂ ਅਤੇ ਟੈਕਸਟ ਨੂੰ ਮਾਨਸਿਕ ਸਿਹਤ ਸੰਕਟ ਜਾਂ ਖੁਦਕੁਸ਼ੀ ਰੋਕਥਾਮ ਸੇਵਾ ਲਈ ਮੁਫਤ ਨਿਰਦੇਸ਼ਿਤ ਕੀਤਾ ਜਾਵੇਗਾ। ਇਸ ਨੇ ਅੱਗੇ ਕਿਹਾ ਕਿ 9-8-8 ‘ਤੇ ਟੈਕਸਟ ਕਰਨ ਦੀ ਯੋਗਤਾ ਇਹ ਯਕੀਨੀ ਬਣਾਏਗੀ ਕਿ ਸੰਕਟ ‘ਚ ਉਹ ਲੋਕ ਜੋ ਸੁਰੱਖਿਅਤ ਢੰਗ ਨਾਲ ਕਾਲ ਕਰਨ ‘ਚ ਅਸਮਰੱਥ ਹਨ ਜਾਂ ਟੈਕਸਟਿੰਗ ਨੂੰ ਤਰਜੀਹ ਦਿੰਦੇ ਹਨ, ਕਾਉਂਸਲਿੰਗ ਪ੍ਰਾਪਤ ਕਰਨ ਦੇ ਯੋਗ ਹਨ। ਦੱਸਦਈਏ ਕਿ ਆਸਾਨੀ ਨਾਲ ਯਾਦ ਰੱਖਣ ਵਾਲੀ ਤਿੰਨ ਅੰਕਾਂ ਵਾਲੀ ਹੌਟਲਾਈਨ ਅਮਰੀਕਾ ‘ਚ ਵੀ ਅਪਣਾਈ ਗਈ ਹੈ। ਮੌਜੂਦਾ ਸਮੇਂ ਕੈਨੇਡਾ ‘ਚ ਜੋ ਲੋਕ ਮਾਨਸਿਕ ਸਿਹਤ ਸੰਬੰਧੀ ਪ੍ਰੇਸ਼ਾਨੀ ਦਾ ਅਨੁਭਵ ਕਰ ਰਹੇ ਹਨ, ਉਹ ਟਾਕ ਸੁਸਾਈਡ ਕੈਨੇਡਾ ਰਾਹੀਂ ਟੋਲ-ਫ੍ਰੀ 1-833-456-4566 ਡਾਇਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। 2017 ਅਤੇ 2019 ਦੇ ਵਿਚਕਾਰ ਕੈਨੇਡਾ ‘ਚ ਹਰ ਸਾਲ ਖੁਦਕੁਸ਼ੀ ਦੁਆਰਾ ਲਗਭਗ 4500 ਮੌਤਾਂ ਹੋਈਆਂ, ਜੋ ਕਿ ਹਰ ਰੋਜ਼ ਲਗਭਗ 12 ਮੌਤਾਂ ਹਨ। 2020 ਦੇ ਦੌਰਾਨ 20 ਤੋਂ 24 ਸਾਲ ਦੀ ਉਮਰ ਦੇ ਲੋਕਾਂ ਲਈ ਖੁਦਕੁਸ਼ੀ ਦਰ ਪ੍ਰਤੀ 1,00,000 ਆਬਾਦੀ ‘ਚ 11.7 ਤੱਕ ਪਹੁੰਚ ਗਈ। 2019 ‘ਚ ਖੁਦਕੁਸ਼ੀ ਕੈਨੇਡਾ ‘ਚ ਮੌਤ ਦੇ 10 ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਸੀ। ਸੀ.ਆਰ.ਟੀ.ਸੀ. ਦੇ ਅਨੁਸਾਰ ਕੁਝ ਆਬਾਦੀ ਉੱਚ ਦਰਾਂ ਅਤੇ ਆਤਮ ਹੱਤਿਆ ਦੇ ਜੋਖਮ ਦਾ ਅਨੁਭਵ ਕਰਦੀ ਹੈ, ਜਿਸ ‘ਚ ਮਰਦ, ਨੌਜਵਾਨ ਸਮੇਤ 45 ਤੋਂ 59 ਸਾਲ ਦੀ ਉਮਰ ਦੇ ਲੋਕ ਸ਼ਾਮਲ ਹਨ।