ਅਮਰੀਕਾ ’ਚ ਖਾਣ-ਪੀਣ ਦਾ ਸਮਾਨ, ਗੈਸ ਕੀਮਤਾਂ ਅਤੇ ਘਰਾਂ ਦਾ ਕਿਰਾਇਆ ਵਧਣ ਨਾਲ ਮਹਿੰਗਾਈ ਵੱਧ ਕੇ ਚਾਰ ਦਹਾਕਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਅੰਕਡ਼ਿਆਂ ਮੁਤਾਬਕ ਜੂਨ 2022 ’ਚ ਉਪਭੋਗਤਾ ਮੁੱਲ ਸੂਚਕ ਅੰਕ ’ਤੇ ਆਧਾਰਤ ਮਹਿੰਗਾਈ ਇਕ ਸਾਲ ਪਹਿਲਾ ਦੀ ਤੁਲਨਾ ’ਚ 9.1 ਫੀਸਦੀ ਵਧੀ ਹੈ। ਇਹ ਸਾਲ 1981 ਤੋਂ ਬਾਅਦ ਦੀ ਸਭ ਤੋਂ ਵੱਧ ਮਹਿੰਗਾਈ ਵਾਧਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ’ਚ ਸਾਲਾਨਾ ਆਧਾਰ ’ਤੇ ਮਹਿੰਗਾਈ 8.6 ਫੀਸਦੀ ਵਧੀ ਸੀ। ਮਈ ਦੀ ਤੁਲਨਾ ’ਚ ਜੂਨ ’ਚ ਮਹੀਨਾਵਰ ਆਧਾਰ ’ਤੇ ਮਹਿੰਗਾਈ 1.3 ਫੀਸਦੀ ਵਧੀ ਹੈ। ਇਸ ਤੋਂ ਪਹਿਲਾਂ ਮਈ ’ਚ ਮਹਿੰਗਾਈ ਅਪ੍ਰੈਲ ਦੀ ਤੁਲਨਾ ’ਚ ਇਕ ਫੀਸਦੀ ਵਧੀ ਹੈ। ਅਮਰੀਕਾ ’ਚ ਪਿਛਲੇ ਕੁਝ ਮਹੀਨਿਆਂ ਤੋਂ ਮਹਿੰਗਾਈ ਲਗਾਤਾਰ ਵਧ ਰਹੀ ਹੈ। ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧਣ ਨਾਲ ਪਰਿਵਾਰਾਂ ਦਾ ਰਹਿਣ-ਸਹਿਣ ਦਾ ਖਰਚਾ ਵਧ ਗਿਆ ਹੈ। ਖਾਸ ਤੌਰ ’ਤੇ ਘੱਟ ਆਮਦਨ ਅਤੇ ਗੈਰ-ਗੋਰੇ ਸਮੂਹ ’ਤੇ ਇਸ ਦੀ ਮਾਰ ਜ਼ਿਆਦਾ ਦੇਖੀ ਜਾ ਰਹੀ ਹੈ। ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਅਮਰੀਕਨ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੂੰ ਵੀ ਹਰਕਤ ’ਚ ਆਉਣਾ ਪਿਆ ਹੈ। ਪਿਛਲੇ ਮਹੀਨੇ ਫੈਡਰਲ ਰਿਜ਼ਰਵ ਨੇ ਨੀਤੀਗਤ ਦਰ ’ਚ ਵਾਧਾ ਕੀਤਾ ਸੀ ਅਤੇ ਨਵੇਂ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਇਕ ਹੋਰ ਵਾਧੇ ਦਾ ਖ਼ਦਸ਼ਾ ਜਤਾਇਆ ਜਾਣ ਲੱਗਿਆ ਹੈ। ਫੈਡਰਲ ਰਿਜ਼ਰਵ ਦੇ ਗਵਰਨਰ ਜੇਰੋਮ ਪਾਵੇਲ ਪਹਿਲਾ ਹੀ ਕਹਿ ਚੁੱਕੇ ਹਨ ਕਿ ਵਿਆਜ ਦਰਾਂ ’ਚ ਵਾਧੇ ਨਾਲ ਪਿੱਛੇ ਹਟਣ ਦਾ ਫ਼ੈਸਲਾ ਉਸ ਸਮੇਂ ਲਿਆ ਜਾਵੇਗਾ ਜਦ ਮਹਿੰਗਾਈ ’ਚ ਗਿਰਾਵਟ ਆਉਣ ਦੇ ਠੋਸ ਸਬੂਤ ਨਜ਼ਰ ਆਉਣ ਲੱਗਣਗੇ। ਕਈ ਮਹੀਨਿਆਂ ਤੱਕ ਮਹਿੰਗਾਈ ਦੇ ਅੰਕਡ਼ਿਆਂ ’ਚ ਗਿਰਾਵਟ ਆਉਣ ਨੂੰ ਹੀ ਠੋਸ ਸਬੂਤ ਮੰਨਿਆ ਜਾਵੇਗਾ।