ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ‘ਚ ਖੇਡਾਂ ਵਤਨ ਪੰਜਾਬ ਦੀਆਂ ਦਾ ਸਮਾਪਤੀ ਸਮਾਰੋਹ ਹੋਇਆ। ਇਸ ‘ਚ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸ਼ਾਮਲ ਹੋਏ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਵਾਗਤੀ ਸ਼ਬਦ ਕਹੇ। ਇਸ ਮੌਕੇ ਮੁੱਖ ਮੰਤਰੀ ਨੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਉਸਾਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਈ ਸਾਲ ਤੋਂ ਬੰਦ ਪਿਆ ਸ਼ਹੀਦ ਭਗਤ ਸਿੰਘ ਯੂਥ ਐਵਾਰਡ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ‘ਚ ਹੋਰ ਅੱਗੇ ਲਿਆਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਹ ਖੇਡਾਂ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ 29 ਅਗਸਤ ਨੂੰ ਸ਼ੁਰੂ ਹੋਈਆਂ ਸਨ। ਇਹ ਖੇਡਾਂ ਕਰੀਬ ਤਿੰਨ ਮਹੀਨੇ ਚੱਲੀਆਂ ਤੇ 28 ਖੇਡ ਵੰਨਗੀਆਂ ‘ਚ ਤਿੰਨ ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਸੂਬਾ ਪੱਧਰ ‘ਤੇ ਸੋਨੇ, ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਦੇ ਬੈਂਕ ਖਾਤਿਆਂ ‘ਚ 6.85 ਕਰੋੜ ਰੁਪਏ ਦੀ ਰਾਸ਼ੀ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੋਨ ਤਗ਼ਮਾ ਜਿੱਤਣ ਵਾਲੇ ਦੇ ਖਾਤੇ ‘ਚ 10 ਹਜ਼ਾਰ, ਚਾਂਦੀ ਦਾ ਤਗ਼ਮਾ ਜੇਤੂ ਦੇ ਖਾਤੇ ‘ਚ ਸੱਤ ਹਜ਼ਾਰ ਜਦਕਿ ਕਾਂਸੀ ਦਾ ਤਗ਼ਮਾ ਜੇਤੂ ਦੇ ਖਾਤੇ ‘ਚ ਪੰਜ ਹਜ਼ਾਰ ਰੁਪਏ ਤਬਦੀਲ ਕੀਤੇ ਗਏ ਹਨ। ਇਸ ਮੌਕੇ ਮੁੱਖ ਮੰਤਰੀ ਨੇ ਰਾਜ ਪੱਧਰੀ ਖੇਡਾਂ ‘ਚ ਕ੍ਰਮਵਾਰ 202, 133 ਅਤੇ 123 ਸੋਨ ਤਗ਼ਮੇ ਜਿੱਤ ਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਕ੍ਰਮਵਾਰ ਪਟਿਆਲਾ, ਲੁਧਿਆਣਾ ਅਤੇ ਮੁਹਾਲੀ ਦੀਆਂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਵੇਟਲਿਫਟਰ ਵਿਕਾਸ ਠਾਕੁਰ ਨੇ ਮੁੱਖ ਮੰਤਰੀ ਨੂੰ ਖੇਡਾਂ ਦਾ ਝੰਡਾ ਸੌਂਪਿਆ। ਇਸ ਮੌਕੇ ਕੁਲਵਿੰਦਰ ਬਿੱਲਾ, ਪਰੀ ਪੰਧੇਰ ਅਤੇ ਅਰਮਾਨ ਢਿੱਲੋਂ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ।