ਖਿਡਾਰੀ ਜੀਅ-ਜਾਨ ਨਾਲ ਮਿਹਨਤ ਕਰਕੇ ਉੱਭਰਦੇ ਹਨ ਪਰ ਸਰਕਾਰਾਂ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੰਦੀਆਂ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਸਾਹਮਣੇ ਆਇਆ ਹੈ। ਇਥੇ ਰਾਜ ਪੱਧਰੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀਆਂ ਨੂੰ ਪਖਾਨੇ ‘ਚ ਰੱਖਿਆ ਭੋਜਨ ਪਰੋਸਿਆ ਗਿਆ। ਘਟਨਾ ਦੀ ਵੀਡੀਧ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਅਥਾਰਿਟੀਜ਼ ਨੇ ਅਣਗਹਿਲੀ ਵਰਤਣ ਵਾਲੇ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਮੁਅੱਤਲ ਕਰਕੇ ਸਬੰਧਤ ਕੇਟਰਰ ਨੂੰ ਬਲੈਕਲਿਸਟ ਕਰ ਦਿੱਤਾ ਹੈ। ਜਾਂਚ ਦਾ ਜ਼ਿੰਮਾ ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਸੌਂਪਦਿਆਂ ਤਿੰਨ ਦਿਨਾਂ ‘ਚ ਰਿਪੋਰਟ ਮੰਗ ਲਈ ਗਈ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਠੇਕੇਦਾਰ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਕਾਬਿਲੇਗੌਰ ਹੈ ਕਿ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਜਿਸ ‘ਚ ਸਹਾਰਨਪੁਰ ਦੇ ਡਾ. ਭੀਮ ਰਾਓ ਅੰਬੇਦਕਰ ਸਟੇਡੀਅਮ ‘ਚ ਕੁੜੀਆਂ ਦੇ ਸਬ-ਜੂਨੀਅਰ ਕਬੱਡੀ ਟੂਰਨਾਮੈਂਟ ‘ਚ ਸ਼ਾਮਲ ਅਥਲੀਟਾਂ ਨੂੰ ਪਖਾਨੇ ‘ਚ ਰੱਖੇ ਚੌਲ ਤੇ ਪੂਰੀਆਂ ਖਾਣ ਲਈ ਦਿੱਤੇ ਜਾ ਰਹੇ ਹਨ। ਇਹ ਟੂਰਨਾਮੈਂਟ 16 ਤੋਂ 18 ਸਤੰਬਰ ਦਰਮਿਆਨ ਖੇਡਿਆ ਗਿਆ ਸੀ ਜਿਸ ‘ਚ ਰਾਜ ਦੀਆਂ 16 ਡਵੀਜ਼ਨਾਂ ਦੇ 300 ਤੋਂ ਵੱਧ ਖਿਡਾਰੀ ਸ਼ਾਮਲ ਹੋਏ। ਵਧੀਕ ਮੁੱਖ ਸਕੱਤਰ (ਖੇਡਾਂ) ਨਵਨੀਤ ਸਹਿਗਲ ਨੇ ਦੱਸਿਆ ਕਿ ਸਹਾਰਨਪੁਰ ਦੇ ਜ਼ਿਲ੍ਹਾ ਖੇਡ ਅਧਿਕਾਰੀ ਅਨੀਮੇਸ਼ ਸਕਸੈਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਸੌਂਪ ਦਿੱਤੀ ਹੈ।