ਕੂਹਣੀ ਦੀ ਸੱਟ ਕਾਰਨ ਇੰਡੀਆ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ.ਐੱਸ. ਓਪਨ 2022 ਵਿੱਚੋਂ ਬਾਹਰ ਹੋ ਗਈ ਹੈ। ਸਾਨੀਆ ਨੇ ਸੋਸ਼ਲ ਮੀਡੀਆ ਦਾ ਰੁਖ ਕਰਦੇ ਹੋਏ ਕਿਹਾ, ‘ਮੇਰੇ ਕੋਲ ਇਕ ਬੁਰੀ ਖ਼ਬਰ ਹੈ। ਦੋ ਹਫਤੇ ਪਹਿਲਾਂ ਕੈਨੇਡਾ ‘ਚ ਖੇਡਦੇ ਹੋਏ ਮੇਰੀ ਕੂਹਣੀ ‘ਚ ਸੱਟ ਲੱਗ ਗਈ ਸੀ। ਮੈਨੂੰ ਅਹਿਸਾਸ ਨਹੀਂ ਹੋਇਆ ਕਿ ਸੱਟ ਕਿੰਨੀ ਗੰਭੀਰ ਹੈ ਪਰ ਮੰਦਭਾਗੀ ਗੱਲ ਸਾਹਮਣੇ ਆਈ ਹੈ। ਜਾਂਚ ਰਿਪੋਰਟ ਅਨੁਸਾਰ ਮੇਰਾ ਇਕ ਸ਼ਿਰਾ (ਮਾਸਪੇਸ਼ੀ ਤੇ ਹੱਡੀ ਨੂੰ ਜੋੜਨ ਵਾਲਾ ਮਾਸ) ਫੱਟ ਗਿਆ ਹੈ।’ ਸਾਨੀਆ ਨੇ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਯੂ.ਐੱਸ. ਓਪਨ 2022 ਉਸਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ ਤੇ ਉਹ ਇਸ ਤੋਂ ਬਾਅਦ ਟੈਨਿਸ ਨੂੰ ਅਲਵਿਦਾ ਕਹਿ ਦੇਵੇਗੀ ਪਰ ਇਸ ਸੱਟ ਤੋਂ ਬਾਅਦ ਉਸਦੇ ਸੰਨਿਆਸ ਦੀ ਯੋਜਨਾ ‘ਚ ਬਦਲਾਅ ਆਇਆ ਹੈ। ਉਸਨੇ ਕਿਹਾ ਕਿ ਮੈਂ ਕੁਝ ਹਫਤਿਆਂ ਲਈ ਕੋਰਟ ਵਿੱਚੋਂ ਬਾਹਰ ਰਹਾਂਗੀ ਤੇ ਮੈਂ ਯੂ.ਐੱਸ. ਓਪਨ ਤੋਂ ਵੀ ਨਾਂ ਵਾਪਸ ਲੈ ਲਿਆ ਹੈ। ਇਹ ਆਦਰਸ਼ ਨਹੀਂ ਹੈ ਤੇ ਬਹੁਤ ਗਲਤ ਸਮੇਂ ‘ਤੇ ਹੋਇਆ ਹੈ। ਇਸ ਨਾਲ ਮੇਰੀਆਂ ਸੰਨਿਆਸ ਦੀਆਂ ਯੋਜਨਾਵਾਂ ‘ਚ ਵੀ ਬਦਲਾਅ ਆਇਆ ਹੈ ਪਰ ਮੈਂ ਅੱਗੇ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰਦੀ ਰਹਾਂਗੀ।’