ਨਾਈਜੀਰੀਆ ਦੇ ਅੰਬਾਰਾ ਸੂਬੇ ‘ਚ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 76 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਜਾਰੀ ਬਿਆਨ ‘ਚ ਕਿਸ਼ਤੀ ਪਲਟਣ ‘ਚ 76 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਚਾਅ ਏਜੰਸੀਆਂ ਨੇ ਅਧਿਕਾਰਤ ਤੌਰ ‘ਤੇ ਇਸ ਦੁਖਾਂਤ ‘ਚ ਮਰਨ ਵਾਲਿਆਂ ਦੀ ਗਿਣਤੀ ਦੀ ਜਾਣਕਾਰੀ ਦਿੱਤੀ ਸੀ ਅਤੇ ਦੁੱਖ ਪ੍ਰਗਟ ਕੀਤਾ ਸੀ। ਬਿਆਨ ਅਨੁਸਾਰ ਖੇਤਰ ‘ਚ ਹੜ੍ਹ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਨਾਮਬਰਾ ਸੂਬੇ ਦੇ ਓਗਬਾਰੂ ਖੇਤਰ ‘ਚ 85 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਯਾਤਰੀ ਕਿਸ਼ਤੀ ਪਲਟ ਗਈ। ਸਥਾਨਕ ਮੀਡੀਆ ਨੇ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਦੱਖਣ-ਪੂਰਬੀ ਖੇਤਰ ਕੋਆਰਡੀਨੇਟਰ ਥਿਕਮੈਨ ਤਨਿਮੂ ਦੇ ਹਵਾਲੇ ਨਾਲ ਕਿਹਾ ਕਿ ਹੜ੍ਹ ਤੋਂ ਇਲਾਵਾ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਨਾਈਜੀਰੀਆ ਦੀ ਨੈਸ਼ਨਲ ਇਨਲੈਂਡ ਵਾਟਰਵੇਜ਼ ਅਥਾਰਟੀ ਅਤੇ ਐੱਨ.ਈ.ਐੱਮ.ਏ. ਨੇ ਅੰਬਾਰਾ ਸੂਬੇ ‘ਚ ਇਕ ਬਚਾਅ ਕਾਰਜ ਸ਼ੁਰੂ ਕੀਤਾ ਹੈ। ਬੁਹਾਰੀ ਨੇ ਕਿਹਾ ਕਿ ਉਨ੍ਹਾਂ ਨੇ ਹੋਰ ਬਚਾਅ ਅਤੇ ਰਾਹਤ ਏਜੰਸੀਆਂ ਨੂੰ ਘਟਨਾ ਵਾਲੀ ਥਾਂ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਸਰਕਾਰੀ ਏਜੰਸੀਆਂ ਨੂੰ ਸਥਾਨਕ ਟਰਾਂਸਪੋਰਟ ਘਾਟਾਂ ‘ਤੇ ਸੁਰੱਖਿਆ ਪ੍ਰੋਟੋਕੋਲ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।