ਯੂਕਰੇਨ ‘ਤੇ ਰੂਸ ਦੇ ਹਮਲੇ ਮਗਰੋਂ ਚੱਲਦੇ ਯੁੱਧ ਨੂੰ ਕਈ ਮਹੀਨੇ ਬੀਤੇ ਗਏ ਹਨ ਅਤੇ ਇਸ ਦੌਰਾਨ ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਕੀਵ ਸਮੇਤ ਹੋਰਨਾਂ ਕਈ ਸ਼ਹਿਰਾਂ ‘ਤੇ 83 ਮਿਜ਼ਾਈਲ ਮਿਜ਼ਾਈਲ ਹਮਲਿਆਂ ‘ਚ ਘੱਟੋ-ਘੱਟ 11 ਵਿਅਕਤੀ ਹਲਾਕ ਹੋ ਗਏ। ਰੂਸ ਨੇ ਉਪਰੋਥੱਲੀ ਮਿਜ਼ਾਈਲਾਂ ਦਾਗ਼ ਕੇ ਕੀਵ ਦੇ ਕੇਂਦਰੀ ਇਲਾਕੇ ਸਣੇ ਆਮ ਵਸੋਂ ਵਾਲੇ ਹੋਰਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਮਲਿਆਂ ਨੇ ਸੜ ਚੁੱਕੀਆਂ ਕਾਰਾਂ ਤੇ ਤਬਾਹ ਹੋਈਆਂ ਇਮਾਰਤਾਂ ਦੇ ਮੰਜ਼ਰ ਨੂੰ ਮੁੜ ਤਾਜ਼ਾ ਕਰ ਦਿੱਤਾ। ਉਧਰ ਯੂਕਰੇਨੀ ਪੁਲੀਸ ਨੇ ਮਿਜ਼ਾਈਲ ਹਮਲੇ ਵਿੱਚ ਘੱਟੋ-ਘੱਟ ਦਸ ਵਿਅਕਤੀਆਂ ਦੇ ਹਲਾਕ ਹੋਣ ਤੇ 64 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਮੁਲਕ ਦੀ ਹੰਗਾਮੀ ਸੇਵਾਵਾਂ ਬਾਰੇ ਏਜੰਸੀ ਨੇ ਹਮਲਿਆਂ ‘ਚ ਮਰਨ ਵਾਲਿਆਂ ਦੀ ਗਿਣਤੀ 9 ਦੱਸੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਯੂਕਰੇਨ ‘ਤੇ ਹਮਲੇ ਕੀਵ ਦੀਆਂ ਦਹਿਸ਼ਤੀ ਸਰਗਰਮੀਆਂ ਦੇ ਜਵਾਬ ‘ਚ ਕੀਤੇ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਯੂਕਰੇਨ ਜੇਕਰ ਰੂਸ ਉੱਤੇ ‘ਦਹਿਸ਼ਤੀ ਹਮਲੇ’ ਜਾਰੀ ਰੱਖਦਾ ਹੈ ਤਾਂ ਮਾਸਕੋ ਵੱਲੋਂ ਇਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਕਾਬਿਲੇਗੌਰ ਹੈ ਕਿ ਯੂਕਰੇਨ ਦੀ ਫੌਜ ਨੇ ਸ਼ਨਿੱਚਰਵਾਰ ਨੂੰ ਰੂਸ ਤੇ ਕ੍ਰੀਮਿਆਈ ਪ੍ਰਾਇਦੀਪ ਨੂੰ ਜੋੜਦੇ ਪੁਲ ਨੂੰ ਉਡਾ ਦਿੱਤਾ ਸੀ। ਪੂਤਿਨ ਨੇ ਇਸ਼ਾਰਾ ਕੀਤਾ ਕਿ ਇਹ ਹਮਲੇ ਉਸੇ ਦਾ ਨਤੀਜਾ ਹੈ। ਉਧਰ ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਰੋਸਤਿਸਲਾਵ ਸਮਿਰਨੋਵ ਨੇ ਕਿਹਾ ਕਿ ਕੀਵ ‘ਚ ਹੋਏ ਹਮਲੇ ‘ਚ ਘੱਟੋ-ਘੱਟ ਅੱਠ ਵਿਅਕਤੀ ਮਾਰੇ ਗਏ ਜਦਕਿ 24 ਹੋਰ ਜ਼ਖ਼ਮੀ ਹੋਏ ਹਨ। ਮੇਅਰ ਵਿਤਾਲੀ ਕਲਿਤਸਕੋ ਨੇ ਦੱਸਿਆ ਕਿ ਰਾਜਧਾਨੀ ਦੇ ਸ਼ੇਵਚੈਂਕੋ ਜ਼ਿਲ੍ਹੇ ‘ਚ ਧਮਾਕੇ ਹੋਏ। ਇਹ ਕੀਵ ਦੇ ਕੇਂਦਰ ‘ਚ ਇਕ ਵੱਡਾ ਇਲਾਕਾ ਹੈ ਜਿਥੇ ਇਤਿਹਾਸਕ ਪੁਰਾਣਾ ਸ਼ਹਿਰ ਅਤੇ ਕਈ ਸਰਕਾਰੀ ਦਫ਼ਤਰ ਸਥਿਤ ਹਨ। ਇਸ ਤੋਂ ਇਲਾਵਾ ਸਰਕਾਰੀ ਕੁਆਰਟਰਾਂ, ਸੰਸਦ ਭਵਨ ਅਤੇ ਕਈ ਹੋਰ ਅਹਿਮ ਇਮਾਰਤਾਂ ਨੇੜੇ ਵੀ ਧਮਾਕੇ ਹੋਏ।