ਕੋਵਿਡ-19 ਦੇ ਮਾਮਲੇ ਇਕ ਵਾਰ ਫਿਰ ਵਧਣ ਲੱਗੇ ਹਨ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ’ਚ ਇਕ ਦਿਨ ਅੰਦਰ 37 ਅਤੇ ਪਟਿਆਲਾ ’ਚ 11 ਪਾਜ਼ੇਟਿਵ ਕੇਸ ਮਿਲੇ ਹਨ। ਪਟਿਆਲਾ ਦੇ ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ’ਚ ਪ੍ਰਾਪਤ 321 ਕੋਵਿਡ ਰਿਪੋਰਟਾਂ ਵਿੱਚੋਂ 11 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ਵਿੱਚੋਂ 8 ਪਟਿਆਲਾ ਸ਼ਹਿਰ, 1 ਨਾਭਾ, 1 ਬਲਾਕ ਕਾਲੋਮਾਜਰਾ ਅਤੇ 1 ਬਲਾਕ ਕੌਲੀ ਨਾਲ ਸਬੰਧਤ ਹੈ। ਜ਼ਿਲ੍ਹੇ ’ਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 62,488 ਹੋ ਗਈ ਹੈ ਅਤੇ ਠੀਕ ਹੋਣ ਵਾਲੇ ਮਰੀਜ਼ 60,934 ਹੈ। ਐਕਟਿਵ ਕੇਸਾਂ ਦੀ ਗਿਣਤੀ 96 ਹੈ। ਜ਼ਿਲ੍ਹੇ ’ਚ ਕੋਵਿਡ ਕਾਰਨ ਮੌਤਾਂ ਦੀ ਕੁੱਲ ਗਿਣਤੀ 1458 ਹੈ। ਉਧਰ ਅੱਜ 345 ਸੈਂਪਲ ਲਏ ਗਏ ਹਨ ਹੁਣ ਤੱਕ ਜ਼ਿਲ੍ਹੇ ’ਚ ਕੋਵਿਡ ਜਾਂਚ ਸਬੰਧੀ 12,60,923 ਸੈਂਪਲ ਲਏ ਜਾ ਚੁੱਕੇ ਹਨ। ਜ਼ਿਲ੍ਹੇ ’ਚ ਅੱਜ 1764 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਇਸ ਤੋਂ ਇਲਾਵਾ ਐਤਵਾਰ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪਡ਼ੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ, ਸਮਾਣਾ ਦੇ ਸਬ ਡਿਵੀਜ਼ਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਬਲਾਕ ਕੌਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ ਤੇ ਸ਼ੁਤਰਾਣਾ ਅਤੇ ਅਧੀਨ ਆਉਂਦੇ ਪਿੰਡਾਂ ’ਚ ਕੈਂਪ ਲਗਾ ਕੇ ਕੋਵਿਡ ਟੀਕਾਕਰਨ ਕੀਤਾ ਗਿਆ। ਡਾ. ਰਾਜੂ ਧੀਰ ਨੇ ਪਟਿਆਲਾ ਵਾਸੀਆਂ ਨੂੰ ਐਡਵਾਈਜ਼ਰੀ ਦੇ ਤੌਰ ’ਤੇ ਦੱਸਿਆ ਕਿ ਮੌਜੂਦਾ ਹਾਲਾਤ ’ਚ ਕੋਵਿਡ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਅਵੇਸਲੇ ਰਹਿਣਾ ਖਤਰਨਾਕ ਹੋ ਸਕਦਾ ਹੈ।
ਦੂਜੇ ਪਾਸੇ ਸਨਅਤੀ ਸ਼ਹਿਰ ਲੁਧਿਆਣਾ ’ਚ ਕਰੋਨਾ ਦੀ ਰਫ਼ਤਾਰ ਹੌਲੀ ਹੋਣ ਦਾ ਨਾਂ ਨਹੀਂ ਲੈ ਰਹੀ। ਪਿਛਲੇ ਕਰੀਬ ਇਕ ਹਫ਼ਤੇ ’ਚ ਕਰੋਨਾ ਦੇ 252 ਦੇ ਕਰੀਬ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 37 ਪਾਜ਼ੇਟਿਵ ਕੇਸ ਅੱਜ ਦੇ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਦਿਨੋ-ਦਿਨ ਵਧ ਰਹੇ ਕੇਸਾਂ ਨੂੰ ਦੇਖਦਿਆਂ ਕੋਵਿਡ-ਟੀਕਾਕਰਨ ਕੈਂਪਾਂ ਦੀ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਹੈ। ਕਰੋਨਾ ਮਹਾਮਾਰੀ ਅਜੇ ਪੂਰੀ ਤਰ੍ਹਾਂ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ। ਲੁਧਿਆਣਾ ਬੀਤੀ 26 ਜੂਨ ਤੋਂ 2 ਜੁਲਾਈ ਤੱਕ ਕੁੱਲ 252 ਕਰੋਨਾ ਦੇ ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 26 ਜੂਨ ਨੂੰ 30 ਨਵੇਂ ਕੇਸ, 27 ਨੂੰ 31, 28 ਨੂੰ 24, 29 ਨੂੰ 48, 30 ਨੂੰ 34, 1 ਜੁਲਾਈ ਨੂੰ 48 ਅਤੇ ਅੱਜ 2 ਜੁਲਾਈ ਨੂੰ 37 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਦੇ ਨਵੇਂ ਕੇਸਾਂ ਵਿੱਚੋਂ 31 ਲੁਧਿਆਣਾ ਜ਼ਿਲ੍ਹੇ ਨਾਲ ਜਦੋਂਕਿ ਛੇ ਕੇਸ ਬਾਹਰਲੇ ਜ਼ਿਲ੍ਹਿਆਂ/ਸੂਬਿਆਂ ਨਾਲ ਸਬੰਧਿਤ ਹਨ। ਇਸੇ ਤਰ੍ਹਾਂ ਅੱਜ ਵੀ 4240 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਦੂਜੇ ਪਾਸੇ, ਸਿਵਲ ਸਰਜਨ ਡਾ. ਐਸ.ਪੀ. ਸਿੰਘ ਦਾ ਕਹਿਣਾ ਹੈ ਕਿ ਕਰੋਨਾ ਬਿਮਾਰੀ ਤੋਂ ਮਰੀਜ਼ਾਂ ਦੇ ਠੀਕ ਹੋਣ ਦਾ ਪ੍ਰਤੀਸ਼ਤ 97.76 ਫ਼ੀਸਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਮੇਂ ’ਤੇ ਆਪਣੇ ਹੱਥ ਸਾਫ਼ ਕਰਦੇ ਰਹਿਣ, ਭੀਡ਼ ਤੋਂ ਦੂਰ ਰਹਿਣ, ਮਾਸਕ ਪਾ ਕੇ ਰੱਖਣ, ਸਿਹਤ ਠੀਕ ਨਾ ਹੋਣ ’ਤੇ ਨੇਡ਼ੇ ਦੇ ਸਿਹਤ ਕੇਂਦਰ ’ਚ ਜਾਂਚ ਜ਼ਰੂਰ ਕਰਵਾਉਣ। ਉਧਰ ਕਰੋਨਾ ਦੇ ਕੇਸ ਵਧਦੇ ਦੇਖ ਕੇ ਸਿਹਤ ਵਿਭਾਗ ਨੇ ਕੋਵਿਡ ਟੀਕਾਕਰਨ ਦੀ ਮੁਹਿੰਮ ਵੀ ਤੇਜ਼ ਕਰ ਦਿੱਤੀ ਹੈ।
ਕੋਵਿਡ-19: ਪਟਿਆਲਾ ’ਚ 11 ਅਤੇ ਲੁਧਿਆਣਾ 37 ਪਾਜ਼ੇਟਿਵ ਕੇਸ ਮਿਲੇ
Related Posts
Add A Comment