ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਕਰੋਨਾ ਨੂੰ ਲੈ ਕੇ ਦੁਨੀਆ ਨੂੰ ਵੱਡੀ ਰਾਹਤ ਦਿੱਤੀ ਹੈ। ਡਬਲਿਊ.ਐੱਚ.ਓ. ਨੇ ਕੋਵਿਡ ਬਾਰੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੋਵਿਡ ਹੁਣ ਪਬਲਿਕ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ। ਇਸ ਸਬੰਧੀ ਫ਼ੈਸਲਾ ਐਮਰਜੈਂਸੀ ਕਮੇਟੀ ਦੀ 15ਵੀਂ ਮੀਟਿੰਗ ‘ਚ ਲਿਆ ਗਿਆ। ਡਬਲਿਊ.ਐੱਚ.ਓ. ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਨੇ ਕਿਹਾ, ‘ਕੱਲ੍ਹ ਐਮਰਜੈਂਸੀ ਕਮੇਟੀ ਦੀ 15ਵੀਂ ਮੀਟਿੰਗ ਹੋਈ ਜਿਸ ‘ਚ ਮੈਨੂੰ ਦੁਨੀਆ ‘ਚ ਕੋਵਿਡ-19 ਦੀ ਵਿਸ਼ਵ ਸਿਹਤ ਐਮਰਜੈਂਸੀ ਦੇ ਘੇਰੇ ਤੋਂ ਬਾਹਰ ਹੋਣ ਦਾ ਐਲਾਨ ਕਰਨ ਲਈ ਕਿਹਾ ਗਿਆ। ਮੈਂ ਉਨ੍ਹਾਂ ਦੀ ਸਲਾਹ ਮੰਨ ਲਈ ਹੈ। ‘ਡਬਲਿਊ.ਐੱਚ.ਓ. ਨੇ ਕਿਹਾ ਕਿ 30 ਜਨਵਰੀ 2020 ਨੂੰ ਕੋਵਿਡ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ। ਹਾਲਾਂਕਿ, ਡਬਲਿਊ.ਐੱਚ.ਓ. ਨੇ ਸਪੱਸ਼ਟ ਕੀਤਾ ਹੈ ਕਿ ਕਰੋਨਾ ਅਜੇ ਵੀ ਵਿਸ਼ਵ ਸਿਹਤ ਲਈ ਖ਼ਤਰਾ ਬਣਿਆ ਹੋਇਆ ਹੈ। ਡਬਲਿਊ.ਐੱਚ.ਓ. ਦੇ ਅਨੁਸਾਰ ਜਦੋਂ ਕੋਰੋਨਾ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ, ਚੀਨ ‘ਚ 100 ਤੋਂ ਘੱਟ ਕਰੋਨਾ ਦੇ ਕੇਸ ਪਾਏ ਗਏ ਸਨ ਅਤੇ ਕਿਸੇ ਦੀ ਮੌਤ ਨਹੀਂ ਹੋਈ ਸੀ ਪਰ 3 ਸਾਲਾਂ ਬਾਅਦ ਇਹ ਅੰਕੜਾ ਵਧ ਕੇ 70 ਲੱਖ ਹੋ ਗਿਆ। ਡਬਲਿਊ.ਐੱਚ.ਓ. ਨੇ ਕਿਹਾ ਕਿ ਕਰੋਨਾ ਦਾ ਇੰਨਾ ਵੱਡਾ ਪ੍ਰਭਾਵ ਹੋਇਆ ਕਿ ਸਕੂਲ ਤੋਂ ਦਫ਼ਤਰ ਤੱਕ ਬੰਦ ਰਹੇ। ਇਸ ਦੌਰਾਨ ਬਹੁਤ ਸਾਰੇ ਲੋਕ ਤਣਾਅ ਅਤੇ ਚਿੰਤਾ ‘ਚੋਂ ਲੰਘੇ। ਕਰੋਨਾ ਨੇ ਸੰਸਾਰ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ।