ਮਹੂਆ ਮੋਇਤਰਾ ਨੇ ਆਲੋਚਕਾਂ ਦਾ ਮੂੰਹ ਬੰਦ ਕਰਨ ਲਈ ਲਿਖੀ ਕਵਿਤਾ, ਕਿਹਾ-ਡਰਨ ਵਾਲੀ ਨਹੀਂ ਹਾਂ
ਕਾਲੀ ਪੋਸਟਰ ਵਿਵਾਦ ਭਖਣ ਮਗਰੋਂ ਆਗਾ ਖ਼ਾਨ ਮਿਊਜ਼ੀਅਮ ਨੇ ਕਿਹਾ ਹੈ ਕਿ ਹਿੰਦੂ ਅਤੇ ਹੋਰ ਫਿਰਕਿਆਂ ਦੇ ਲੋਕਾਂ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਨੂੰ ਦੁੱਖ ਹੈ ਅਤੇ ਉਨ੍ਹਾਂ ਦਸਤਾਵੇਜ਼ੀ ‘ਕਾਲੀ’ ਦੀ ਪੇਸ਼ਕਾਰੀ ਨੂੰ ਹਟਾ ਲਿਆ ਹੈ। ਔਟਵਾ ’ਚ ਭਾਰਤੀ ਮਿਸ਼ਨ ਵੱਲੋਂ ਕੈਨੇਡੀਅਨ ਅਧਿਕਾਰੀਆਂ ਨੂੰ ਵਿਵਾਦਤ ਫਿਲਮ ਨਾਲ ਸਬੰਧਤ ‘ਭਡ਼ਕਾਊ ਸਮੱਗਰੀ’ ਹਟਾਉਣ ਦੀ ਅਪੀਲ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਟੋਰਾਂਟੋ ਆਧਾਰਿਤ ਫਿਲਮਸਾਜ਼ ਲੀਨਾ ਮਣੀਮੇਕਾਲਾਈ ਨੇ ਸ਼ਨਿਚਰਵਾਰ ਨੂੰ ਆਪਣੀ ‘ਦਸਤਾਵੇਜ਼ੀ ਕਾਲੀ’ ਦਾ ਪੋਸਟਰ ਸਾਂਝਾ ਕੀਤਾ ਸੀ ਜਿਸ ’ਚ ਦੇਵੀ ਨੂੰ ਸਿਗਰਟਨੋਸ਼ੀ ਕਰਦਿਆਂ ਦਿਖਾਇਆ ਗਿਆ ਸੀ ਅਤੇ ਉਨ੍ਹਾਂ ਦੇ ਹੱਥਾਂ ’ਚ ਸਮਲਿੰਗੀ ਭਾਈਚਾਰੇ ਦਾ ਝੰਡਾ ਸੀ। ਪੋਸਟਰ ਜਾਰੀ ਹੋਣ ਮਗਰੋਂ ਸੋਸ਼ਲ ਮੀਡੀਆ ’ਤੇ ਮੰਗ ਕੀਤੀ ਜਾਣ ਲੱਗ ਪਈ ਸੀ ਕਿ ਲੀਨਾ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ‘ਗਊ ਮਹਾਸਭਾ’ ਨਾਮ ਦੀ ਜਥੇਬੰਦੀ ਦੇ ਇਕ ਮੈਂਬਰ ਨੇ ਦਿੱਲੀ ਪੁਲੀਸ ਕੋਲ ਇਸ ਬਾਰੇ ਸ਼ਿਕਾਇਤ ਵੀ ਦਰਜ ਕਰਵਾਈ ਹੈ। ਆਗਾ ਖ਼ਾਨ ਮਿਊਜ਼ੀਅਮ ਨੇ ਬਿਆਨ ’ਚ ਕਿਹਾ ਕਿ ਟੋਰਾਂਟੋ ਮੈਟਰੋਪਾਲਿਟਨ ਯੂਨੀਵਰਸਿਟੀ ਨੇ ਵੱਖ ਵੱਖ ਫਿਰਕਿਆਂ ਅਤੇ ਸੱਭਿਆਚਾਰਕ ਪਿਛੋਕਡ਼ ਦੇ ਵਿਦਿਆਰਥੀਆਂ ਦੇ ਕੰਮਾਂ ਨੂੰ ‘ਅੰਡਰ ਦਿ ਟੈਂਟ’ ਪ੍ਰਾਜੈਕਟ ਤਹਿਤ ਇਕੱਠਾ ਕੀਤਾ ਸੀ। ਬਿਆਨ ’ਚ ਕਿਹਾ ਗਿਆ ਕਿ ਵੱਖ ਵੱਖ ਧਰਮਾਂ ਦੇ ਪ੍ਰਗਟਾਵੇ ਅਤੇ ਆਸਥਾ ਦਾ ਸਨਮਾਨ ਉਸ ਦੇ ਮਿਸ਼ਨ ਦਾ ਅਨਿੱਖਡ਼ਵਾਂ ਹਿੱਸਾ ਹੈ ਅਤੇ ਪੇਸ਼ਕਾਰੀ ਹੁਣ ਮਿਊਜ਼ੀਅਮ ’ਚ ਨਹੀਂ ਦਿਖਾਈ ਜਾ ਰਹੀ ਹੈ।
ਓਧਰ ਇਕ ਸਮਾਗਮ ਦੌਰਾਨ ਦੇਵੀ ਕਾਲੀ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਲਈ ਵਿਰੋਧੀਆਂ ਦੇ ਨਿਸ਼ਾਨੇ ’ਤੇ ਲਾਈ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਅੱਜ ਕਿਹਾ ਕਿ ਉਹ ਭਾਜਪਾ ਦੇ ਗੁੰਡਿਆਂ ਤੋਂ ਡਰਨ ਵਾਲੀ ਨਹੀਂ ਹੈ। ਮੋਇਤਰਾ ਨੇ ਆਪਣੇ ਆਲੋਚਕਾਂ ਦਾ ਮੂੰਹ ਬੰਦ ਕਰਨ ਲਈ ਕਵਿਤਾ ਲਿਖੀ ਹੈ। ਸੱਤ ਸਤਰਾਂ ਵਾਲੀ ਇਸ ਕਵਿਤਾ ਦਾ ਸਿਰਲੇਖ ‘ਸਾਵਧਾਨ, ਮਹੂਆ!’ ਹੈ। ਮੋਇਤਰਾ ਨੇ ਕਵਿਤਾ ’ਚ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਦਾ ਵੀ ਅਸਿੱਧਾ ਹਵਾਲਾ ਦਿੱਤਾ ਹੈ, ਜਿਸ ਨੇ ਸੰਸਦ ਮੈਂਬਰ ਦੇ ਵਿਵਾਦਿਤ ਬਿਆਨ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ। ਮਹੂਆ ਨੇ ਕਵਿਤਾ ’ਚ ਕਿਹਾ, ‘ਉਸ ਨੂੰ ਇਹ ਨਾ ਕਹੋ ਕਿ ਸਾਵਧਾਨ ਰਹਿ ਬਲਕਿ ਉਸ ਨਾਲ ਖਡ਼੍ਹੋ। ਡਰ ਦੇ ਇਸ ਖੂਹ ’ਚ ਸੱਚ ਬੋਲਣ ਦੀ ਹਿੰਮਤ ਵਿਖਾਓ।’ ਚੇਤੇ ਰਹੇ ਕਿ ਮਹੂਆ ਨੇ ਲੰਘੇ ਦਿਨ ਕਿਹਾ ਸੀ ਕਿ ਉਹ ਭਾਜਪਾ ਦੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਤੇ ਕਿਸੇ ਵੀ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਧਰ ਆਪਣੀ ਦਸਤਾਵੇਜ਼ੀ ਫ਼ਿਲਮ ‘ਕਾਲੀ’ ਦੇ ਪੋਸਟਰ ਕਰਕੇ ਵਿਵਾਦਾਂ ’ਚ ਘਿਰੀ ਫ਼ਿਲਮਸਾਜ਼ ਲੀਨਾ ਮਨੀਮੇਕਾਲਾਈ ਨੇ ਕਿਹਾ ਕਿ ਉਹ ‘ਇਸ ਵੇਲੇ ਖੁਲ਼ਦ ਨੂੰ ਕਿਤੇ ਵੀ’ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਹੈ।