ਅਮਰੀਕਾ ’ਚ ਫਾਇਰਿੰਗ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਕੁਝ ਦਿਨ ਦੇ ਛੋਟੇ ਜਿਹੇ ਵਕਫੇ ਮਗਰੋਂ ਹੁਣ ਦੱਖਣੀ ਕੈਲੇਫੋਰਨੀਆ ਦੇ ਚਾਰ 7-ਇਲੈਵਨ ਸਟੋਰਾਂ ’ਤੇ ਫਾਇਰਿੰਗ ਦੀ ਖ਼ਬਰ ਹੈ। ਇਸ ਗੋਲੀਬਾਰੀ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਵੇਰਵਿਆਂ ਅਨੁਸਾਰ ਗੋਲੀਬਾਰੀ ਦੀ ਇਕ ਘਟਨਾ ਬ੍ਰਿਆ ਸ਼ਹਿਰ ਦੇ 7-ਇਲੈਵਨ ਸਟੋਰ ’ਚ ਸੋਮਵਾਰ ਸਵੇਰੇ 4.18 ਵਜੇ ਵਾਪਰੀ ਜਿਸ ’ਚ ਸਟੋਰ ਦੇ ਕਲਰਕ ਦੀ ਮੌਤ ਹੋ ਗਈ। ਇਸੇ ਤਰ੍ਹਾਂ ਹੀ ਲਾ ਹਬਰਾ ਦੇ 7-ਇਲੈਵਨ ਸਟੋਰ ’ਚ ਵੀ ਗੋਲੀਬਾਰੀ ਕੀਤੀ ਗਈ ਅਤੇ ਸੈਂਟਾ ਅਨਾ ਤੇ ਰਿਵਰਸਾਈਡ ਕਾਊਂਟੀ ਦੇ 7-ਇਲੈਵਨ ਸਟੋਰਾਂ ’ਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਚਾਰਾਂ ਘਟਨਾਵਾਂ ’ਚ ਗੋਲੀਆਂ ਲੱਗਣ ਕਰਕੇ ਦੋ ਲੋਕਾਂ ਦੀ ਮੌਤ ਹੋਈ ਜਿਨ੍ਹਾਂ ’ਚ ਇਕ ਸਟੋਰ ਮਾਲਕ ਵੀ ਸ਼ਾਮਲ ਹੈ।