ਅਮਰੀਕਾ ਦੇ ਕੈਲੀਫੋਰਨੀਆ ‘ਚ ਗੁਰਦੁਆਰਾ ਸਾਹਿਬ ਨੇੜੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਟਾਕਟਨ ਦੀ ਹੈ। ਸਥਾਨਕ ਪੁਲੀਸ ਨੇ ਫਾਇਰਿੰਗ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੂੰ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6:42 ਵਜੇ ਇਸ ਘਟਨਾ ਸਬੰਧੀ ਜਾਣਕਾਰੀ ਮਿਲੀ। ਇਸ ਘਟਨਾ ‘ਚ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਮੁਤਾਬਕ ਕੋਈ ਵੀ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ ਹੈ। ਇਹ ਘਟਨਾ ਦੋ ਸਿੱਖ ਧੜਿਆਂ ਵਿਚਾਲੇ ਹੋਏ ਝਗੜੇ ਦਾ ਨਤੀਜਾ ਦੱਸੀ ਜਾ ਰਹੀ ਹੈ। ਗੋਲੀ ਚਲਾਉਣ ਵਾਲਾ ਅਤੇ ਪੀੜਤ ਦੋਵੇਂ ਸਿੱਖ ਹਨ। ਹਾਲਾਂਕਿ ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਫਾਇਰਿੰਗ ਹੋਈ ਹੈ ਪਰ ਗੁਰਦੁਆਰਾ ਪ੍ਰਸ਼ਾਸਨ ਵੱਲੋਂ ਇਸ ਦਾ ਖੰਡਨ ਕੀਤਾ ਗਿਆ। ਗੁਰਦੁਆਰਾ ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਇਹ ਘਟਨਾ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ। ਨਾਲ ਹੀ ਇਹ ਵੀ ਕਿਹਾ ਗਿਆ ਕਿ ਫਾਇਰਿੰਗ ਗੁਰਦੁਆਰਾ ਸਾਹਿਬ ਦੀ ਹੱਦ ਤੋਂ ਬਾਹਰ ਸੜਕ ‘ਤੇ ਹੋਈ। ਗੁਰਦੁਆਰਾ ਕਮੇਟੀ ਨੇ ਦੱਸਿਆ ਕਿ ਵੇਟਲਿਫਟਿੰਗ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਫਾਇਰਿੰਗ ਦਾ ਵੀ ਇਸ ਨਾਲ ਕੋਈ ਸਬੰਧ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਮਾਮਲੇ ‘ਚ ਪੁਲੀਸ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ ਜੋ ਗੋਲੀਬਾਰੀ ਦੇ ਸਮੇਂ ਦੀ ਹੈ। ਵੇਰਵਿਆਂ ਮੁਤਾਬਕ ਸਟਾਕਟਨ ਗੁਰਦੁਆਰੇ ਦੇ ਬਾਹਰ ‘ਸਿੱਖ ਰਾਇਸ਼ੁਮਾਰੀ 2020’ ਨਾਲ ਜੁੜੇ ਦੋ ਧੜਿਆਂ ਵਿਚਾਲੇ ਇਹ ਫਾਇਰਿੰਗ ਹੋਈ। ਜ਼ਖ਼ਮੀ ਤੇ ਸ਼ੱਕੀ ਵਿਅਕਤੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ।