ਪਾਕਿਸਤਾਨ ਦੇ ਪੇਸ਼ਾਵਰ ‘ਚ ਇਕ ਬੱਸ ਇਕ ਕਾਰ ਨਾਲ ਟਕਰਾ ਕੇ ਡੂੰਘੀ ਖੱਡ ‘ਚ ਡਿੱਗ ਗਈ। ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ‘ਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਗਿਲਗਿਤ ਬਾਲਟਿਸਤਾਨ ਖੇਤਰ ਦੇ ਦਿਆਮੀਰ ਇਲਾਕੇ ਦੇ ਸ਼ਤਿਆਲ ਚੌਕ ਨੇੜੇ ਵਾਪਰਿਆ। ਪੁਲੀਸ ਨੇ ਦੱਸਿਆ ਕਿ ਗਿਲਗਿਤ ਤੋਂ ਰਾਵਲਪਿੰਡੀ ਜਾ ਰਹੀ ਇਕ ਤੇਜ਼ ਰਫ਼ਤਾਰ ਬੱਸ ਦੀ ਚੌਕ ਨੇੜੇ ਕਾਰ ਨਾਲ ਟੱਕਰ ਹੋ ਗਈ ਅਤੇ ਦੋਵੇਂ ਵਾਹਨ ਡੂੰਘੀ ਖੱਡ ‘ਚ ਡਿੱਗ ਗਏ। ਉਨ੍ਹਾਂ ਦੱਸਿਆ ਕਿ ਹਨੇਰਾ ਹੋਣ ਕਾਰਨ ਬਚਾਅ ਅਤੇ ਰਾਹਤ ਕਾਰਜਾਂ ‘ਚ ਬਚਾਅ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਹਾਦਸੇ ‘ਚ ਹੋਏ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟਾਇਆ ਹੈ। ਸਰਕਾਰੀ ਰੇਡੀਓ ਪਾਕਿਸਤਾਨ ਅਨੁਸਾਰ ਪ੍ਰਧਾਨ ਮੰਤਰੀ ਸ਼ਰੀਫ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਰਾਸ਼ਟਰਪਤੀ ਆਰਿਫ ਅਲਵੀ ਨੇ ਵੀ ਇਸ ਹਾਦਸੇ ‘ਚ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟਾਇਆ ਹੈ।