ਕਰੋੜਾਂ ਰੁਪਏ ਕੀਮਤ ਦੀ 13 ਕਿਲੋ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਅੰਮ੍ਰਿਤਸਰ ਦੇ ਪਿੰਡ ਮੁੱਧਲ ਨੇੜਿਉਂ ਕਾਬੂ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖ਼ਤ ਸੁਖਬੀਰ ਸਿੰਘ ਵਾਸੀ ਗੰਗਾਨਗਰ ਅਤੇ ਬਿੰਦੂ ਸਿੰਘ ਉਰਫ ਭਿੰਡਰ ਵਾਸੀ ਹਨੂਮਾਨਗੜ੍ਹ ਵਜੋਂ ਹੋਈ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਦੇ ਏ.ਆਈ.ਜੀ. ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਵੱਡੇ ਪੱਧਰ ‘ਤੇ ਨਸ਼ੇ ਦੀ ਤਸਕਰੀ ਕਰਦੇ ਹਨ ਤੇ ਜੰਮੂ ਕਸ਼ਮੀਰ ਰਸਤੇ ਸਰਹੱਦ ਪਾਰੋਂ ਪਾਕਿਸਤਾਨ ਤੋਂ ਨਸ਼ੀਲਾ ਪਦਾਰਥ ਲਿਆਉਂਦੇ ਸਨ। ਇਹ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਵੇਰਕਾ ਨੇੜੇ ਨਸ਼ੇ ਦੀ ਖੇਪ ਦੇਣ ਆ ਰਹੇ ਹਨ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ। ਇਹ ਕਾਰਵਾਈ ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਿਨ੍ਹਾਂ ਕੋਲੋਂ 13 ਕਿਲੋ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਉਨ੍ਹਾਂ ਨੂੰ ਐਨ.ਡੀ.ਪੀ.ਐਸ. ਐਕਟ ਹੇਠ ਨਾਮਜ਼ਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਪੁੱਛ-ਪੜਤਾਲ ਦੌਰਾਨ ਇਨ੍ਹਾਂ ਦੇ ਜੰਮੂ ਕਸ਼ਮੀਰ ਸਮੇਤ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਸਬੰਧਾਂ ਬਾਰੇ ਪਤਾ ਲਾਇਆ ਜਾਵੇਗਾ। ਓਧਰ ਦੂਜੇ ਪਾਸੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦੇ ਧੰਦੇ ਨਾਲ ਜੁੜੇ ਹੋਏ ਸਨ। ਇਨ੍ਹਾਂ ਦੀ ਸ਼ਨਾਖ਼ਤ ਅਜੈ ਅਤੇ ਪਿੱਪਲ ਸਿੰਘ ਦੋਵੇਂ ਵਾਸੀ ਪਿੰਡ ਲੱਖੋ ਕੇ ਬਹਿਰਾਮ ਫਿਰੋਜ਼ਪੁਰ, ਜੋੜਾ ਤੇ ਪਤਰਸ ਵਾਸੀ ਪਿੰਡ ਮੱਲਾਂਵਾਲਾ ਫਿਰੋਜ਼ਪੁਰ ਅਤੇ ਸੁਖਜਿੰਦਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਤੇ ਅਦਾਲਤ ਨੇ ਇਨ੍ਹਾਂ ਨੂੰ 24 ਨਵੰਬਰ ਤੱਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਹ ਸਾਰੇ ਕੈਨੇਡਾ ਆਧਾਰਤ ਗੈਂਗਸਟਰ ਅਰਸ਼ ਡੱਲਾ ਅਤੇ ਮਨੀਲਾ ਰਹਿੰਦੇ ਮਨਪ੍ਰੀਤ ਸਿੰਘ ਉਰਫ ਮੀਤਾ ਨਾਲ ਜੁੜੇ ਹੋਏ ਹਨ ਅਤੇ ਉਸ ਦੇ ਇਸ਼ਾਰੇ ‘ਤੇ ਹਥਿਆਰਾਂ ਦੀ ਤਸਕਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਹ ਪਤਾ ਲਾਇਆ ਜਾਵੇਗਾ ਕਿ ਉਨ੍ਹਾਂ ਨੇ ਇਹ ਹਥਿਆਰ ਕਿਸ ਕੋਲੋਂ ਲਏ ਅਤੇ ਕਿਸ ਨੂੰ ਸਪਲਾਈ ਕਰਨੇ ਸਨ।