ਰੋਹਤਕ (ਹਰਿਆਣਾ) ਦੀ ਸੁਨਾਰੀਆ ਜੇਲ੍ਹ ਤੋਂ ਚਾਲੀ ਦਿਨ ਦੀ ਪੈਰੋਲ ‘ਤੇ ਬਾਹਰ ਆਇਆ ਕਤਲ ਅਤੇ ਬਲਾਤਕਾਰ ਦਾ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਕਿਰਪਾਨ ਨਾਲ ਕੇਕ ਕੱਟਣ ਕਰਕੇ ਮੁੜ ਸੁਰਖੀਆਂ ‘ਚ ਹੈ। ਉਹ ਪੰਜ ਸਾਲ ਬਾਅਦ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਨੇ ਸ਼ਾਹ ਸਤਨਾਮ ਦੇ ਅਵਤਾਰ ਪੁਰਬ ਦੇ ਮਹੀਨੇ ‘ਚ ਕੇਕ ਨੂੰ ਤਲਵਾਰ ਨਾਲ ਕੱਟਿਆ ਕਿਉਂਕਿ ਉਹ ਪੰਜ ਸਾਲ ਸੁਨਾਰੀਆ ਜੇਲ੍ਹ ‘ਚ ਰਹਿੰਦਿਆਂ ਸ਼ਾਹ ਸਤਨਾਮ ਦਾ ਅਵਤਾਰ ਮਹੀਨਾ ਨਹੀਂ ਮਨਾ ਸਕਿਆ ਸੀ। ਗੁਰਮੀਤ ਰਾਮ ਰਹੀਮ ਵੱਲੋਂ ਤਲਵਾਰ ਨਾਲ ਕੇਕ ਕੱਟਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਦਕਿ ਮੂੰਹ ਬੋਲੀ ਬੇਟੀ ਹਨੀਪ੍ਰੀਤ ਨਾਲ ਮਿਲ ਕੇ ਗੁਰਮੀਤ ਰਾਮ ਰਹੀਮ ਸਿੰਘ ਨੇ ਸਫਾਈ ਮੁਹਿੰਮ ਦਾ ਉਦਘਾਟਨ ਕੀਤਾ। ਜਨਵਰੀ ਮਹੀਨੇ ‘ਚ ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ ਦੇ ਸੰਸਥਾਪਕ ਸ਼ਾਹ ਸਤਨਾਮ ਮਹਾਰਾਜ ਦਾ ਜਨਮ ਦਿਨ ਅਵਤਾਰ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਜੇਲ੍ਹ ਜਾਣ ਤੋਂ ਬਾਅਦ ਗੁਰਮੀਤ ਸਿੰਘ ਨੂੰ ਪੰਜ ਸਾਲ ਤੱਕ ਅਵਤਾਰ ਮਹੀਨਾ ਮਨਾਉਣ ਦਾ ਮੌਕਾ ਨਹੀਂ ਮਿਲਿਆ। 21 ਜਨਵਰੀ ਨੂੰ ਜਦੋਂ ਉਹ ਬਰਨਾਵਾ ਆਸ਼ਰਮ ਪਹੁੰਚੇ ਤਾਂ ਗੁਰਮੀਤ ਸਿੰਘ ਨੇ ਕੇਕ ਕੱਟ ਕੇ ਸੰਗਤਾਂ ਨੂੰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਇਹ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਡੇਰਾ ਮੁਖੀ ਨੇ ਦੱਸਿਆ ਕਿ ਪੰਜ ਸਾਲ ਬਾਅਦ ਉਹ ਸਾਧ ਸੰਗਤ ਨਾਲ ਸ਼ਾਹ ਸਤਨਾਮ ਸਿੰਘ ਮਹਾਰਾਜ ਦਾ ਅਵਤਾਰ ਮਹੀਨਾ ਮਨਾ ਰਹੇ ਹਨ। ਪੰਜ ਸਾਲਾਂ ‘ਚ ਪੰਜ ਕੇਕ ਕੱਟੇ ਜਾਂਦੇ ਹਨ। ਉਹ ਹੁਣ ਚਾਰ ਹੋਰ ਕੇਕ ਕੱਟੇਗਾ। ਡੇਰਾ ਸੇਵਾਦਾਰ ਅਨਿਲ ਚਾਵਲਾ ਨੇ ਦੱਸਿਆ ਕਿ ਕੇਕ ਤਲਵਾਰ ਨਾਲ ਨਹੀਂ ਸਗੋਂ ਵੱਡੇ ਚਾਕੂ ਨਾਲ ਕੱਟਿਆ ਗਿਆ ਸੀ। ਸ਼ਾਹ ਸਤਨਾਮ ਸਿੰਘ ਮਹਾਰਾਜ ਦੇ ਅਵਤਾਰ ਮਹੀਨੇ ‘ਚ ਡੇਰੇ ਦੇ ਮੁਖੀ ਨੇ ਆਪਣੀ ਬੇਟੀ ਹਨੀਪ੍ਰੀਤ ਨਾਲ ਮਿਲ ਕੇ ਆਸ਼ਰਮ ਦੀ ਚਾਰਦੀਵਾਰੀ ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇੰਟਰਨੈੱਟ ‘ਤੇ ਲਾਈਵ ਹੋ ਕੇ ਪੈਰੋਕਾਰਾਂ ਨੂੰ ਸੰਦੇਸ਼ ਦਿੰਦੇ ਹੋਏ ਡੇਰਾ ਮੁਖੀ ਨੇ ਕਿਹਾ ਕਿ ਇਸ ਧਰਤੀ ਨੂੰ ਸਾਫ਼ ਰੱਖਣਾ ਬਹੁਤ ਵੱਡੀ ਸੇਵਾ ਹੈ। ਸਫ਼ਾਈ ਨਾਲ ਪੂਰੇ ਸਮਾਜ ‘ਚ ਬਦਲਾਅ ਆਉਂਦਾ ਹੈ ਅਤੇ ਬਿਮਾਰੀਆਂ ਦੂਰ ਹੁੰਦੀਆਂ ਹਨ।