ਨੈਸ਼ਨਲ ਹੈਲਥ ਮਿਸ਼ਨ ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਾਲੰਟੀਅਰਾਂ ਵੱਲੋਂ ਨੌਕਰੀ ‘ਤੇ ਬਹਾਲੀ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ‘ਚ ਸਰਕਾਰ ਵਿਰੁੱਧ ਕਾਲੀ ਦੀਵਾਲੀ ਮਨਾਈ ਗਈ। ਜਾਣਕਾਰੀ ਅਨੁਸਾਰ ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਾਲੰਟੀਅਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਬਨਾਸਰ ਬਾਗ ‘ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਰੈਲੀ ਮਗਰੋਂ ਸ਼ਹਿਰ ‘ਚ ਰੋਸ ਮਾਰਚ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਬੱਸ ਅੱਡੇ ਨੇੜੇ ਲਾਲ ਬੱਤੀ ਚੌਕ ‘ਚ ਲਗਪਗ ਤਿੰਨ ਘੰਟੇ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿਘ, ਮੀਤ ਪ੍ਰਧਾਨ ਗੌਰਵ ਜੁਨੇਜਾ ਅਤੇ ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਨੇ ਕਿਹਾ ਕਿ ਕਰੋਨਾ ਵਾਲੰਟੀਅਰਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਉਹ ਸਰਕਾਰ ਖ਼ਿਲਾਫ਼ ਕਾਲੀ ਦੀਵਾਲੀ ਮਨਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਕਰੋਨਾ ਯੋਧਿਆਂ ਵੱਲੋਂ ਜਾਨ ਦੀ ਬਾਜ਼ੀ ਲਗਾ ਕੇ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ ਪਰ ਪਿਛਲੀ ਕਾਂਗਰਸ ਸਰਕਾਰ ਨੇ ਕਰੋਨਾ ਸੰਕਟ ਦੌਰਾਨ ਕੰਮ ਲੈ ਕੇ ਕਰੋਨਾ ਵਾਲੰਟੀਅਰਾਂ ਨੌਕਰੀ ਤੋਂ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਹੋਏ ਕਰੋਨਾ ਯੋਧਿਆਂ ਨੂੰ ਮਹਿੰਗਾਈ ਦੇ ਦੌਰ ‘ਚ ਆਰਥਿਕ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਨੌਕਰੀ ‘ਤੇ ਬਹਾਲੀ ਲਈ ਸੰਘਰਸ਼ ਦੌਰਾਨ ਪੁਲੀਸ ਦੇ ਜਬਰ ਦਾ ਸ਼ਿਕਾਰ ਹੋਣਾ ਪਿਆ ਪਰ ਸਰਕਾਰ ਲਾਰੇ ਲੱਪੇ ਹੀ ਲਗਾਉਂਦੀ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਵਾਂਗ ‘ਆਪ’ ਸਰਕਾਰ ਦਾ ਵੀ ਇਹੋ ਹਾਲ ਹੈ ਜੋ ਕਿ ਕਰੋਨਾ ਵਾਲੰਟੀਅਰਾਂ ਨਾਲ ਨੌਕਰੀ ਦੇਣ ਦਾ ਵਾਅਦਾ ਕਰ ਕੇ ਮੁਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਵਾਅਦਾਖ਼ਿਲਾਫ਼ੀ ਕਾਰਨ ਵਾਲੰਟੀਅਰਾਂ ‘ਚ ਰੋਸ ਹੈ ਅਤੇ ਇਸ ਕਾਰਨ ਹੀ ਉਨ੍ਹਾਂ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਾ ਪਿਆ ਹੈ। ਓਧਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਸੰਗਰੂਰ ‘ਚ ਧਰਨਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਦੋ ਹੋ ਮੁਲਾਜ਼ਮ ਜਥੇਬੰਦੀਆਂ ਨੇ ਵੀ ਧਰਨੇ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।