ਇੰਡੀਆ ਦੇ ਤੇਜ਼ ਤੇ ਤਜ਼ਰਬੇਕਾਰ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਕਰੋਨਾ ਪਾਜ਼ੇਟਿਵ ਆਉਣ ਕਾਰਨ ਅਗਾਮੀ ਇੰਡੀਆ-ਆਸਟਰੇਲੀਆ ਟੀ-20 ਸੀਰੀਜ਼ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਸਿੱਟੇ ਵਜੋਂ ਉਹ ਮੁਹਾਲੀ ‘ਚ 20 ਸਤੰਬਰ ਨੂੰ ਹੋਣ ਵਾਲੇ ਮੈਚ ‘ਚ ਖੇਡਣ ਲਈ ਵੀ ਨਹੀਂ ਪਹੁੰਚ ਸਕਿਆ। ਇਸ ਸਬੰਧੀ ਸੂਚਨਾ ਬੀ.ਸੀ.ਸੀ.ਆਈ. ਤੇ ਟੀਮ ਪ੍ਰਬੰਧਨ ਦੇ ਸਬੰਧਿਤ ਅਧਿਕਾਰੀਆਂ ਤੱਕ ਪਹੁੰਚ ਗਈ ਹੈ। ਆਸਟਰੇਲੀਆ ਦੀ ਟੀਮ ਵੀ ਪੰਜਾਬ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਸੀਰੀਜ਼ ਦਾ ਦੂਜਾ ਮੁਕਾਬਲਾ 23 ਸਤੰਬਰ ਨੂੰ ਨਾਗਪੁਰ ‘ਚ ਤੇ ਤੀਜਾ 25 ਸਤੰਬਰ ਨੂੰ ਹੈਦਰਾਬਾਦ ‘ਚ ਹੋਵੇਗਾ। ਸ਼ੰਮੀ ਦੱਖਣੀ ਅਫਰੀਕਾ ਖ਼ਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ‘ਚ ਹਿੱਸਾ ਲਵੇਗਾ ਜਾਂ ਨਹੀਂ, ਇਹ ਵੀ ਕੋਵਿਡ ਇਨਫੈਕਸ਼ਨ ਤੋਂ ਠੀਕ ਹੋਣ ‘ਤੇ ਨਿਰਭਰ ਕਰਦਾ ਹੈ। ਦੱਖਣੀ ਅਫਰੀਕਾ ਦੇ ਖ਼ਿਲਾਫ਼ ਤਿੰਨ ਟੀ-20 ਮੈਚ ਕ੍ਰਮਵਾਰ ਤਿਰੂਵਨੰਤਪੁਰਮ, ਗੁਹਾਟੀ ਅਤੇ ਇੰਦੌਰ ‘ਚ 28 ਸਤੰਬਰ, 2 ਅਕਤੂਬਰ ਤੇ 4 ਅਕਤੂਬਰ ਨੂੰ ਹੋਣੇ ਹਨ। ਬੀ.ਸੀ.ਸੀ.ਆਈ. ਵੱਲੋਂ ਟੀ-20 ਵਿਸ਼ਵ ਕੱਪ ਲਈ ਐਲਾਨੀ ਗਈ ਟੀਮ ‘ਚ ਸ਼ੰਮੀ ਨੂੰ ਰਿਜ਼ਰਵ ‘ਚ ਰੱਖਿਆ ਗਿਆ ਸੀ। ਕ੍ਰਿਕਟ ਪ੍ਰਸ਼ੰਸਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ। ਵਧਦੇ ਵਿਰੋਧ ਤੋਂ ਬਾਅਦ ਬੀ.ਸੀ.ਸੀ.ਆਈ. ਦੇ ਇਕ ਸੂਤਰ ਨੇ ਕਿਹਾ ਕਿ ਬੋਰਡ ਅਜੇ ਵੀ ਸ਼ੰਮੀ ਨੂੰ ਦੇਖ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਸਾਰੀਆਂ ਟੀਮਾਂ ਨੇ ਵਿਸ਼ਵ ਕੱਪ ਦੇ ਲਈ 10 ਅਕਤੂਬਰ ਤੱਕ ਫਾਈਨਲ ਲਿਸਟ ਭੇਜਣੀ ਹੈ। ਜੇਕਰ ਇਸ ‘ਚ ਬਦਲਾਅ ਦੀ ਗੁੰਜਾਇਸ਼ ਹੋਈ ਤਾਂ ਕੀਤੀ ਜਾਵੇਗੀ ਪਰ ਇਸ ਤੋਂ ਪਹਿਲਾਂ ਹੀ ਸ਼ੰਮੀ ਦੇ ਕੋਵਿਡ-19 ਪਾਜ਼ੇਟਿਵ ਦੀ ਖ਼ਬਰ ਸਾਹਮਣੇ ਆ ਗਈ।