ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਅਮਰੀਕਾ ਦਾ ਕਰੋਨਾ ਨੇ ਲੱਕ ਤੋਡ਼ ਦਿੱਤਾ ਹੈ ਅਤੇ ਉਸ ਦਾ ਕੁੱਲ ਰਾਸ਼ਟਰੀ ਕਰਜ਼ ਭਾਰ ਰਿਕਾਰਡ 30 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਿਆ ਹੈ। ਅਮਰੀਕਨ ਸਰਕਾਰ ਦੇ ਤਹਿਤ ਆਉਣ ਵਾਲੇ ਟ੍ਰੈਜਰੀ ਵਿਭਾਗ ਨੇ ਇਹ ਅੰਕਡ਼ਾ ਜਾਰੀ ਕੀਤਾ ਹੈ। ਅਮਰੀਕਨ ਮੀਡੀਆ ਰਿਪੋਰਟਾਂ ਮੁਤਾਬਕ ਮਾਹਿਰ ਇਸ ਮਸਲੇ ’ਤੇ ਵੰਡੇ ਹੋਏ ਨਜ਼ਰ ਆ ਰਹੇ ਹਨ। ਕੋਈ ਸਾਫ ਤੌਰ ’ਤੇ ਨਹੀਂ ਬੋਲ ਸੱਕ ਰਿਹਾ ਹੈ ਕਿ ‘ਕਿੰਨਾ ਕਰਜ਼ਾ ਬਹੁਤ ਜ਼ਿਆਦਾ ਮੰਨਿਆ ਜਾਵੇਗਾ’ ਜਾਂ ਇਹ ਦੇਸ਼ ਲਈ ਵਾਕਈ ’ਚ ਕਿੰਨੀ ਵੱਡੀ ਸਮੱਸਿਆ ਹੈ ਪਰ ਸਾਰੇ ਇਕ ਗੱਲ ’ਤੇ ਸਹਿਮਤ ਦਿਖਾਈ ਦਿੱਤੇ ਕਿ ਕਰਜ਼ੇ ਦਾ ਇੰਨਾ ਵੱਡਾ ਅੰਕਡ਼ਾ ਅਜਿਹੇ ਮੁਸ਼ਕਲ ਸਮੇਂ ’ਚ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਦੀ ਰਾਜਕੋਸ਼ੀ ਅਤੇ ਮੁਦਰਾ ਨੀਤੀ ਮੁਸ਼ਕਲਾਂ ’ਚੋਂ ਲੰਘ ਰਹੀ ਹੈ। ਉਧਾਰ ਦੀ ਲਾਗਤ ਵਧਣ ਦੀ ਵੀ ਸੰਭਾਵਨਾ ਹੈ ਜਿਸਦਾ ਸਿੱਧਾ ਅਸਰ ਦੇਸ਼ ਦੀ ਆਰਥਿਕਤਾ ’ਤੇ ਪਵੇਗਾ। ਕਰਜ਼ੇ ਦੇ ਅਸਮਾਨ ਛੁਹਣ ਦੇ ਪਿੱਛੇ ਕਈ ਕਾਰਨ ਹਨ ਜਿਨ੍ਹਾਂ ਵਿੱਚੋਂ ਇਕ ਕਾਰਨ ਇਹ ਹੈ ਕਿ ਸਰਕਾਰ ਨੇ ਕਰੋਨਾ ਵਾਇਰਸ ਮਹਾਮਾਰੀ ਕਾਰਨ ਸਰਕਾਰੀ ਖਰਚੇ ’ਚ ਵਾਧਾ ਕੀਤਾ ਹੈ। 2019 ਦੇ ਅਖੀਰ ਤੋਂ ਅਮਰੀਕਾ ਦੀ ਸਰਕਾਰ ਨੇ ਜਾਪਾਨ ਅਤੇ ਚੀਨ ਦੀ ਅਗਵਾਈ ਵਾਲੇ ਵਿਦੇਸ਼ੀ ਨਿਵੇਸ਼ਕਾਂ ਤੋਂ ਲਗਭਗ 7 ਟ੍ਰਿਲੀਅਨ ਡਾਲਰ ਦਾ ਉਧਾਰ ਲਿਆ ਹੈ ਜਿਸਦਾ ਵਾਪਸ ਭੁਗਤਾਨ ਕਰਨ ਦੀ ਲੋਡ਼ ਹੋਵੇਗੀ। ਅਮਰੀਕਨ ਵਿੱਤ ਮਾਹਿਰਾਂ ਨੇ ਇਕ ਦੂਸਰਾ ਕਾਰਨ ਸਾਲ 2008 ਦੇ ਵਿੱਤੀ ਸੰਕਟ ਤੋਂ ਬਾਅਦ ਰਾਸ਼ਟਰੀ ਕਰਜ਼ੇ ਦੇ ਭਾਰ ’ਚ ਹੋਏ ਵਾਧੇ ਨੂੰ ਦੱਸਿਆ ਹੈ ਜੋ ਮਹਾਮਾਰੀ ਦੇ ਲਗਭਗ ਇਕ ਦਹਾਕੇ ਪਹਿਲਾਂ ਦੀ ਗੱਲ ਹੈ। ਉਦੋਂ ਅਮਰੀਕਾ ’ਚ ਇਕ ਵੱਡਾ ਆਰਥਿਕ ਸੰਕਟ ਖਡ਼੍ਹਾ ਹੋ ਗਿਆ ਸੀ ਜਦੋਂ ਦਸੰਬਰ 2007 ’ਚ ਵਿਸ਼ਵ ਆਰਥਿਕਤਾ ’ਚ ਗਿਰਾਵਟ ਸ਼ੁਰੂ ਹੋਈ ਸੀ, ਉਦੋਂ ਅਮਰੀਕਾ ਦਾ ਰਾਸ਼ਟਰੀ ਕਰਜ਼ ਦਾ ਭਾਰ 9.2 ਟ੍ਰਿਲੀਅਨ ਡਾਲਰ ਸੀ।