ਬੀ.ਐੱਸ.ਐੱਫ. ਦੇ ਜਵਾਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਕੇ ਵਾਪਸ ਪਰਤੇ ਇਕ ਭਾਰਤੀ ਨਾਗਰਿਕ ਕੋਲੋਂ ਇਕ ਲੱਖ ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ। ਇਹ ਸਾਰੇ ਨੋਟ 1000 ਰੁਪਏ ਪਾਕਿਸਤਾਨੀ ਕਰੰਸੀ ਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਜਿਹੜੇ ਲੋਕ ਸਵੇਰੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਰਾਹੀਂ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ, ਸ਼ਾਮ ਨੂੰ ਜਦੋਂ ਉਹ ਵਾਪਸ ਭਾਰਤ ਸਰਹੱਦ ਅੰਦਰ ਦਾਖਲ ਹੋਏ ਤਾਂ ਰੁਟੀਨ ‘ਚ ਉਨ੍ਹਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਇਕ ਭਾਰਤੀ ਨਾਗਰਿਕ ਪਵਨ ਕੁਮਾਰ ਪੁੱਤਰ ਤਰਸੇਮ ਕੁਮਾਰ ਵਾਸੀ ਜੰਡੀ ਜ਼ਿਲ੍ਹਾ ਗੁਰਦਾਸਪੁਰ ਦੀ ਤਲਾਸ਼ੀ ਲੈਣ ‘ਤੇ ਉਸ ਕੋਲੋਂ ਇਕ ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ। ਉਸ ਤੋਂ ਪੁੱਛਗਿੱਛ ਕਰਨ ‘ਤੇ ਪਵਨ ਕੁਮਾਰ ਨੇ ਦੱਸਿਆ ਕਿ ਇਹ ਪਾਕਿਸਤਾਨੀ ਕਰੰਸੀ ਉਸ ਨੂੰ ਪਾਕਿਸਤਾਨ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਨੇ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਤੋਹਫੇ ਵਜੋਂ ਦਿੱਤੀ ਸੀ। ਡੀ.ਆਈ.ਜੀ. ਜੋਸ਼ੀ ਨੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਲਈ ਪੁਲੀਸ ਨੂੰ ਸੂਚਿਤ ਕਰਕੇ ਮੁਲਜ਼ਮ ਪਵਨ ਕੁਮਾਰ ਕੋਲੋਂ ਬਰਾਮਦ ਪਾਕਿਸਤਾਨੀ ਕਰੰਸੀ ਸਮੇਤ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਨਿਯਮਾਂ ਮੁਤਾਬਕ ਪਾਕਿਸਤਾਨੀ ਕਰੰਸੀ ਲਿਆਉਣ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪਵਨ ਕੁਮਾਰ ਇਹ ਪਾਕਿਸਤਾਨੀ ਕਰੰਸੀ ਇੰਡੀਆ ਕਿਉਂ ਲੈ ਕੇ ਆਇਆ ਹੈ?