ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ‘ਚ ਸਥਿਤ ਹੈ ਪਰ ਐਨ ਇੰਡੀਆ ਦੇ ਡੇਰਾ ਬਾਬਾ ਨਾਨਕ ਨੇੜਲੀ ਸਰਹੱਦ ‘ਤੇ। ਜਦੋਂ ਤੋਂ ਕਰਤਾਰਪੁਰ ਲਾਂਘਾ ਖੁਲ੍ਹਿਆ ਹੈ ਇਸ ਨੇ ਵੰਡ ਵੇਲੇ ਦੇ ਵਿਛੜੇ ਕਈ ਖੂਨ ਦੇ ਰਿਸ਼ਤੇ ਤੇ ਦੋਸਤ ਮਿਲਾਏ ਹਨ। ਹੁਣ ਕਰਤਾਰਪੁਰ ਲਾਂਘੇ ਨੇ 75 ਸਾਲ ਪਹਿਲਾਂ ਵੰਡ ਦੌਰਾਨ ਵਿਛੜੇ ਭੈਣ-ਭਰਾ ਨੂੰ ਮਿਲਾਇਆ ਹੈ। ਦੋਵਾਂ ਦੇ ਅੱਖਾਂ ‘ਚ ਵੱਗਦੇ ਹੰਝੂਆਂ ਨੇ ਇਸ ਵਿਛੋੜੇ ਦੇ ਦਰਦ ਨੂੰ ਬਿਆਨ ਕੀਤਾ। ਚਾਰ ਦਿਨ ਪਹਿਲਾਂ ਇਹ ਭੈਣ-ਭਰਾ ਗੁਰਦੁਆਰਾ ਕਰਤਾਰਪੁਰ ਸਾਹਿਬ ਮਿਲੇ ਸਨ। ਪਾਕਿਸਤਾਨ ਦੇ ਪੱਤਰਕਾਰ ਗੁਲਾਮ ਅਬਾਸ ਸ਼ਾਹ ਨੇ ਇਸ ਭੈਣ-ਭਰਾ ਦੇ ਮਿਲਾਪ ਦੀ 17 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਅਮਰਜੀਤ ਸਿੰਘ ਦਾ ਪਿੰਡ ਪੱਬਵਾਂ (ਜਲੰਧਰ) ਦੱਸਿਆ ਜਾ ਰਿਹਾ ਹੈ। ਉਥੋਂ ਦੇ ਪੱਤਰਕਾਰ ਵੱਲੋਂ ਕੀਤੀ ਗੱਲਬਾਤ ਅਨੁਸਾਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਅਸਲੀ ਪਰਿਵਾਰ ਪਾਕਿਸਤਾਨ ‘ਚ ਹੈ ਅਤੇ ਉਹ ਮੁਸਲਮਾਨ ਹੈ ਤਾਂ ਉਹ ਜਾਣ ਕੇ ਹੈਰਾਨ ਰਹਿ ਗਿਆ। ਉਸ ਦੀ ਭੈਣ ਕੁਲਸੂਮ ਅਖ਼ਤਰ ਦੱਸਦੀ ਹੈ ਕਿ ਉਸ ਦਾ ਭਰਾ ਸਿੱਖ ਹੈ ਕਿਉਂਕਿ ਉਸ ਨੂੰ ਇਕ ਸਿੱਖ ਪਰਿਵਾਰ ਨੇ ਗੋਦ ਲਿਆ ਸੀ। ਆਪਣੇ ਭਰਾ ਦਾ ਸਿਰ ਪਲੋਸਦੀ ਹੈ। ਇਹ ਦੋਵੇਂ ਭੈਣ-ਭਰਾ 1947 ਦੀ ਵੰਡ ਵੇਲੇ ਇਕ ਦੂਜੇ ਤੋਂ ਵੱਖ ਹੋ ਗਏ ਸਨ। ਕੁਲਸੂਮ ਦੇ ਅਨੁਸਾਰ ਉਹ ਪਾਕਿਸਤਾਨ ‘ਚ ਪੈਦਾ ਹੋਈ ਸੀ ਪਰ ਉਸ ਦੀ ਮਾਂ ਅਕਸਰ ਇੰਡੀਆ ‘ਚ ਰਹਿੰਦੇ ਉਸ ਦੇ ਭਰਾ ਅਤੇ ਭੈਣ ਦਾ ਜ਼ਿਕਰ ਕਰਦੀ ਰਹਿੰਦੀ ਸੀ।