ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗਡ਼੍ਹ ਸਥਿਤ ਜੰਗੀ ਯਾਦਗਾਰ ’ਤੇ ਪਹੁੰਚ ਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਾਰਗਿਲ ਵਿਜੈ ਦਿਵਸ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਰਗਿਲ ਜੰਗ ਦੌਰਾਨ ਫੌਜ ਦੇ ਜਾਂਬਾਜ਼ ਯੋਧਿਆਂ ਦੀ ਕੁਰਬਾਨੀ ਸਾਡੇ ਨੌਜਵਾਨਾਂ ਨੂੰ ਮਿਸ਼ਨਰੀ ਭਾਵਨਾ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਨਿਰਸਵਾਰਥ ਹੋ ਕੇ ਮੁਲਕ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਕਾਰਗਿਲ ਵਿਜੈ ਦਿਵਸ ਇੰਡੀਆ ਦੀਆਂ ਹਥਿਆਰਬੰਦ ਸੈਨਾਵਾਂ ਦੀ ਅਸਾਧਾਰਨ ਸੂਰਮਗਤੀ ਦਾ ਪ੍ਰਤੀਕ ਹੈ। ਇਸ ਜੰਗ ਦੌਰਾਨ ਸਾਡੇ ਫੌਜੀ ਜਵਾਨਾਂ ਨੇ ਕੁਰਬਾਨੀ, ਸੂਰਬੀਰਤਾ ਤੇ ਬਹਾਦਰੀ ਦੀ ਬੇਮਿਸਾਲ ਗਾਥਾ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਔਕਡ਼ਾਂ ਦੇ ਬਾਵਜੂਦ ਜੁਲਾਈ, 1999 ’ਚ ਕਾਰਗਿਲ, ਦਰਾਸ ਤੇ ਬਟਾਲਿਕ ਦੇ ਖੇਤਰਾਂ ’ਚ ਘੁਸਪੈਠ ਕਰਨ ਵਾਲੀ ਪਾਕਿਸਤਾਨੀ ਫੌਜ ਨੂੰ ਮੂੰਹ ਤੋਡ਼ਵਾਂ ਜਵਾਬ ਦਿੱਤਾ। ਭਾਰਤੀ ਸੈਨਿਕਾਂ ਵੱਲੋਂ ਦਿਖਾਈ ਅਦੁੱਤੀ ਬਹਾਦਰੀ ਦੀ ਅਜਿਹੀ ਮਿਸਾਲ ਵਿਸ਼ਵ ਦੇ ਇਤਿਹਾਸ ’ਚ ਨਹੀਂ ਮਿਲਦੀ ਜੋ ਸਾਡੇ ਨੌਜਵਾਨਾਂ ਨੂੰ ਭਾਰਤੀ ਫੌਜ ’ਚ ਸ਼ਾਮਲ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ। ਇਸ ਮੌਕੇ ਉਨ੍ਹਾਂ ਐੱਨ.ਸੀ.ਸੀ. ਕੈਡਿਟਾਂ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੁਹਾਲੀ ਦੀਆਂ ਮਹਿਲਾ ਕੈਡਿਟਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਮਹਿਲਾ ਕੈਡਿਟਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਹਥਿਆਰਬੰਦ ਸੈਨਾਵਾਂ ’ਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ। ਇਸ ਮੌਕੇ ਰੱਖਿਆ ਸੇਵਾਵਾਂ ਮੰਤਰੀ ਫੌਜਾ ਸਿੰਘ ਸਰਾਰੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਤੇ ਵਧੀਕ ਵਿਸ਼ੇਸ਼ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਮੌਜੂਦ ਸਨ।