ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਚਾਰਜ ਸੰਭਾਲਣ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਹਮੋ-ਸਾਹਮਣੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਕਾਫ਼ੀ ਹੰਗਾਮਾ ਹੋਇਆ ਅਤੇ ਲੜਾਈ ਹੋ ਗਈ। ਇਸ ਦੌਰਾਨ ਪੁਲੀਸ ਨੇ ਦਖ਼ਲ ਦਿੱਤਾ। ਸਿੱਖ ਸਮਾਜ ਦਾ ਦੋਸ਼ ਹੈ ਕਿ ਹਰਿਆਣਾ ਕਮੇਟੀ ‘ਚ ਅਜਿਹੇ ਮੈਂਬਰ ਲਏ ਗਏ ਹਨ ਜੋ ਹਰਿਆਣਾ ਕਮੇਟੀ ਦੇ ਖ਼ਿਲਾਫ਼ ਸਨ ਅਤੇ ਉਨ੍ਹਾਂ ਨੂੰ ਸਿੱਖ ਸਮਾਜ ਅਤੇ ਗੁਰੂਘਰ ਦੀ ਮਰਿਆਦਾ ਦਾ ਬਿਲਕੁਲ ਵੀ ਪਤਾ ਨਹੀਂ ਹੈ। ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ ਲਾਇਆ ਕਿ ਇਨ੍ਹਾਂ ਲੋਕਾਂ ਦਾ ਕੋਈ ਹੋਰ ਇਰਾਦਾ ਸੀ ਅਤੇ ਕੁੱਟਮਾਰ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਸੰਤਾਂ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੀਵਾਨ ਸਮਾਗਮ ਕਾਰਨ ਇਨ੍ਹਾਂ ਵਿਅਕਤੀਆਂ ਨੇ ਅਜਿਹੀ ਹਰਕਤ ਕੀਤੀ ਹੈ। ਅਮਾਵਸ ਮੌਕੇ ਦੀਵਾਨ ਸਮਾਗਮ ਚੱਲ ਰਿਹਾ ਸੀ ਤੇ ਅੱਜ ਸੰਗਤਾਂ ਦੀ ਭੀੜ ਲੱਗੀ ਰਹੀ। ਅਸੀਂ ਕੱਲ੍ਹ ਤੋਂ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਸੀ ਅਤੇ ਦੀਵਾਨ ਸਜਾਏ ਗਏ ਸਨ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਦੀਵਾਨ ਨੂੰ ਸੈਰ ਕਰਦੇ ਸਮੇਂ ਅੜਿੱਕਾ ਡਾਹਿਆ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀ ਮਨਮਾਨੀ ਨਾ ਕਰੇ। ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੋਵੇਗੀ। ਸਾਡੇ ਦੀਵਾਨ ਸਮਾਗਮ ‘ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਕਮੇਟੀ ਦੇ ਲੋਕ ਸਾਡੇ ਪ੍ਰੋਗਰਾਮ ‘ਚ ਅੜਿੱਕੇ ਖੜ੍ਹੇ ਕਰ ਰਹੇ ਹਨ, ਜਦਕਿ ਇਹ ਲੋਕ ਕਾਨੂੰਨੀ ਲੜਾਈ ਵੀ ਹਾਰ ਚੁੱਕੇ ਹਨ। ਓਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਨੂੰ ਬਹੁਤ ਮੰਦਭਾਗੀ ਕਰਾਰ ਦਿੰਦਿਆਂ ਇਸ ਦਾ ਗੰਭੀਰ ਨੋਟਿਸ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਆਖੀ ਹੈ। ਓਧਰ ਹਰਿਆਣਾ ਪੁਲੀਸ ਵੱਲੋਂ ਅੱਠ ਜਣਿਆਂ ਨੂੰ ਮੌਕੇ ‘ਤੇ ਹਿਰਾਸਤ ‘ਚ ਲਏ ਜਾਣ ਦੀ ਵੀ ਖ਼ਬਰ ਹੈ।