ਜਦੋਂ ਵੀ ਕਿੱਧਰੇ ਇੰਡੀਆ ਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਹੁੰਦਾ ਹੈ ਤਾਂ ਇਸ ਦਾ ਆਪਣਾ ਹੀ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਹੁਣ ਦੋਹਾਂ ਮੁਲਕਾਂ ‘ਚ ਇਕ ਵਾਰ ਫਿਰ ਰੋਮਾਂਚਕ ਮੈਚ ਹੋਣ ਜਾ ਰਿਹਾ ਹੈ ਕਿਉਂਕਿ 27 ਅਗਸਤ ਤੋਂ ਯੂ.ਏ.ਈ. ‘ਚ ਸ਼ੁਰੂ ਹੋ ਰਹੇ ਏਸ਼ੀਆ ਕੱਪ ‘ਚ ਇੰਡੀਆ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਖੇਡ ਰਹੀਆਂ ਹਨ। ਕ੍ਰਿਕਟ ਦਾ ਇਹ ਮਹਾਮੁਕਾਬਲਾ ਇਸੇ ਮਹੀਨੇ ਹੋਣ ਵਾਲਾ ਹੈ। ਇਹ ਮੈਚ 27 ਅਗਸਤ ਤੋਂ ਯੂ.ਏ.ਈ. ‘ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ‘ਚ ਖੇਡਿਆ ਜਾਵੇਗਾ। ਏਸ਼ੀਆ ਦੀਆਂ ਇਹ ਦੋ ਚੋਟੀ ਦੀਆਂ ਟੀਮਾਂ 28 ਅਗਸਤ ਨੂੰ ਆਹਮੋ-ਸਾਹਮਣੇ ਹੋਣਗੀਆਂ। ਏਸ਼ੀਆ ਕੱਪ ਟੀ-20 ਫਾਰਮੈਟ ‘ਚ ਖੇਡਿਆ ਜਾਵੇਗਾ। ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਇਹ ਟੂਰਨਾਮੈਂਟ ਬਹੁਤ ਮਹੱਤਵਪੂਰਨ ਹੋਵੇਗਾ। ਇਸ ਦੇ ਨਾਲ ਹੀ ਇੰਡੀਆ-ਪਾਕਿਸਤਾਨ ਦੀਆਂ ਟੀਮਾਂ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਪਹਿਲੀ ਵਾਰ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। 2021 ਵਿਸ਼ਵ ਕੱਪ ‘ਚ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਮਿਲੀ ਸੀ। ਉਂਝ ਏਸ਼ੀਆ ਕੱਪ ਤੋਂ ਬਾਅਦ ਟੀਮ ਇੰਡੀਆ ਅਤੇ ਪਾਕਿਸਤਾਨ ਟੀ-20 ਵਿਸ਼ਵ ਕੱਪ 2022 ‘ਚ ਵੀ ਭਿੜਨਗੇ। ਇਹ ਮੈਚ 23 ਅਕਤੂਬਰ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਹੋਵੇਗਾ। ਭਾਵ ਪ੍ਰਸ਼ੰਸਕ ਦੋ ਮਹੀਨਿਆਂ ‘ਚ ਦੋ ਵਾਰ ਭਾਰਤ-ਪਾਕਿਸਤਾਨ ਮੁਕਾਬਲਾ ਦੇਖਣ ਜਾ ਰਹੇ ਹਨ। ਏਸ਼ੀਆ ਕੱਪ ਦੀ ਗੱਲ ਕਰੀਏ ਤਾਂ ਇਸ ਟੂਰਨਾਮੈਂਟ ‘ਚ ਇੰਡੀਆ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਇੰਡੀਆ ਨੇ ਇਹ ਟੂਰਨਾਮੈਂਟ 6 ਵਾਰ ਜਿੱਤਿਆ ਹੈ। ਇੰਡੀਆ ਨੇ ਆਖਰੀ ਵਾਰ 2018 ‘ਚ ਫਾਈਨਲ ‘ਚ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ।