ਫੀਫਾ ਵਰਲਡ ਕੱਪ ‘ਚ ਕ੍ਰੋਏਸ਼ੀਆ ਮੋਰੱਕੋ ਨੂੰ ਹਰਾ ਕੇ ਤੀਜੇ ਸਥਾਨ ‘ਤੇ ਕਾਬਜ ਹੋਈ। ਕ੍ਰੋਏਸ਼ੀਆ ਨੇ ਪਲੇਅ-ਆਫ ‘ਚ ਮੋਰੱਕੋ ਨੂੰ 2-1 ਨਾਲ ਹਰਾਇਆ। ਖਲੀਫਾ ਕੌਮਾਂਤਰੀ ਸਟੇਡੀਅਮ ‘ਚ ਹੋਏ ਇਸ ਮੁਕਾਬਲੇ ‘ਚ ਤਿੰਨੋ ਗੋਲ ਪਹਿਲੇ ਹਾਫ ‘ਚ ਹੋਏ। ਪਹਿਲੇ ਦੋ ਗੋਲ 9 ਮਿੰਟਾਂ ਦੇ ਅੰਦਰ ਹੋ ਚੁੱਕੇ ਸਨ। ਕ੍ਰੋਏਸ਼ੀਆ ਦੇ ਲਈ ਜੋਸਕੋ ਗਵਾਰਡਿਓਲ ਨੇ ਸੱਤਵੇਂ ਮਿੰਟ ‘ਚ ਹੀ ਗੋਲ ਕਰ ਦਿੱਤਾ। ਸੈਮੀਫਾਈਨਲ ‘ਚ ਪਹੁੰਚਣ ਵਾਲਾ ਪਹਿਲਾ ਅਫ਼ਰੀਕਨ ਦੇਸ਼ ਬਣ ਕੇ ਇਤਿਹਾਸ ਸਿਰਜ ਚੁੱਕੇ ਮੋਰੱਕੇ ਨੇ ਅਸ਼ਰਫ ਡਾਰੀ ਦੇ ਨੌਵੇਂ ਮਿੰਟ ‘ਚ ਕੀਤੇ ਗੋਲ ਨਾਲ ਸਕੋਰ 1-1 ਨਾਲ ਬਰਾਬਰ ਕੀਤਾ। ਮਿਸਲਾਵ ਓਰੇਸਿਚ ਨੇ 42ਵੇਂ ਮਿੰਟ ‘ਚ ਖੂਬਸੂਰਤ ਗੋਲ ਨਾਲ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ ਅਤੇ ਇਹ ਨਿਰਣਾਇਕ ਸਾਬਤ ਹੋਇਆ। ਇਸ ਗੋਲ ਨੇ ਇਹ ਯਕੀਨੀ ਬਣਾਇਆ ਕਿ ਕਪਤਾਨ ਲੂਕਾ ਮਾਡ੍ਰਿਕ (37 ਸਾਲਾ) ਜਿੱਤ ਦੇ ਨਾਲ ਵਰਲਡ ਕੱਪ ਦੇ ਅਖ਼ੀਰਲੇ ਮੈਚ ਤੋਂ ਜਾਣ। ਕ੍ਰੋਏਸ਼ੀਆ ਨੂੰ ਸੈਮੀਫਾਈਨਲ ‘ਚ ਅਰਜਨਟਾਈਨਾ ਤੋਂ 0-3 ਨਾਲ ਜਦਕਿ ਦੂਸਰੇ ਸੈਮੀਫਾਈਨਲ ‘ਚ ਮੋਰੱਕੋ ਨੂੰ ਸਾਬਕਾ ਚੈਂਪੀਅਨ ਫਰਾਂਸ ਤੋਂ 0-2 ਨਾਲ ਹਾਰ ਮਿਲੀ ਸੀ। ਮੋਰੱਕੇ ਲਈ ਹਾਲਾਂਕਿ ਇਹ ਵਿਸ਼ਵ ਕੱਪ ਯਾਦਗਾਰ ਰਹੇਗਾ। ਫੀਫਾ ਵਰਲਡ ਕੱਪ ਦੇ ਤੀਜੇ ਸਥਾਨ ਲਈ ਖੇਡੇ ਗਏ ਮੈਚ ‘ਚ ਮੋਰੱਕੋ ਦੀ ਕ੍ਰੋਏਸ਼ੀਆ ਹੱਥੋਂ 2-1 ਦੀ ਹਾਰ ਨੇ ਭਾਵੇਂ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੋਵੇ ਪਰ ਉਹ ਅਜੇ ਵੀ ਟੀਮ ਨੂੰ ਮਹਾਂਦੀਪ ਦੇ ਚੈਂਪੀਅਨ ਵਜੋਂ ਦੇਖਦੇ ਹਨ। ਮੋਰੱਕੋ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚ ਚੁੱਕਾ ਸੀ। ਮੋਰੱਕੋ ਵਿਸ਼ਵ ਕੱਪ ਦੇ ਆਖ਼ਰੀ ਚਾਰ ‘ਚ ਥਾਂ ਬਣਾਉਣ ਵਾਲੀ ਇਹ ਅਫ਼ਰੀਕੀ ਮਹਾਂਦੀਪ ਅਤੇ ਅਰਬ ਦੇਸ਼ਾਂ ਦੀ ਪਹਿਲੀ ਟੀਮ ਹੈ। ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਮੋਰੋਕੋ ਆਪਣੇ ਕਰਿਸ਼ਮਾਈ ਪ੍ਰਦਰਸ਼ਨ ਨੂੰ ਜਾਰੀ ਰੱਖੇਗਾ ਅਤੇ ਜੇਤੂ ਬਣ ਕੇ ਚੈਂਪੀਅਨ ਬਣੇਗਾ। ਸੈਮੀਫਾਈਨਲ ‘ਚ ਫਰਾਂਸ ਨੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਇਸ ਦੇ ਬਾਵਜੂਦ ਪ੍ਰਸ਼ੰਸਕ ਨਿਰਾਸ਼ ਨਹੀਂ ਹੋਏ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਮੋਰੋਕੋ ਤੀਜੇ ਸਥਾਨ ਦੇ ਮੈਚ ‘ਚ ਕ੍ਰੋਏਸ਼ੀਆ ਨੂੰ ਹਰਾਉਣ ‘ਚ ਕਾਮਯਾਬ ਰਹੇਗਾ। ਕ੍ਰੋਏਸ਼ੀਆ ਤੋਂ ਮਿਲੀ ਹਾਰ ਤੋਂ ਬਾਅਦ ਮੋਰੱਕੋ ਦੀ ਰਾਜਧਾਨੀ ‘ਚ ਪ੍ਰਸ਼ੰਸਕ ਨਿਰਾਸ਼ ਸਨ ਪਰ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਟੀਮ ਇਤਿਹਾਸ ਰਚਣ ‘ਚ ਕਾਮਯਾਬ ਰਹੀ।