ਬਾਲੀਵੁੱਡ ਦੀ ਅਭਿਨੇਤਰੀ ਅਤੇ ਨਿੱਕ ਜੋਨਸ ਨਾਲ ਵਿਆਹ ਕਰਵਾਉਣ ਮਗਰੋਂ ਲਾਸ ਏਂਜਲਸ ‘ਚ ਰਹਿੰਦੀ ਪ੍ਰਿਯੰਕਾ ਚੋਪੜਾ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਦੋਹਾਂ ਨੇ ਲੀਡਰਸ਼ਿਪ ਫੋਰਮ ਦੌਰਾਨ ਮੰਚ ਸਾਂਝਾ ਕਰਦਿਆਂ ਆਪਣੀਆਂ ਭਾਰਤੀ ਜੜ੍ਹਾਂ ਨੂੰ ਫਰੋਲਿਆ। ਉਨ੍ਹਾਂ ਇਸ ਮੌਕੇ ਵਿਆਹੁਤਾ ਜੀਵਨ ‘ਚ ਬਰਾਬਰੀ ਤੋਂ ਲੈ ਕੇ ਜਲਵਾਯੂ ਤਬਦੀਲੀ ਜਿਹੇ ਮੁੱਦਿਆਂ ਉਤੇ ਚਰਚਾ ਕੀਤੀ। ਡੈਮੋਕਰੈਟਿਕ ਨੈਸ਼ਨਲ ਕਮੇਟੀ ਦੀ ਔਰਤਾਂ ਦੀ ਲੀਡਰਸ਼ਿਪ ਫੋਰਮ ਨੇ ਪ੍ਰਿਯੰਕਾ ਚੋਪੜਾ ਨੂੰ ਹੈਰਿਸ ਨਾਲ ਗੱਲਬਾਤ ਦਾ ਸੱਦਾ ਦਿੱਤਾ ਸੀ। ਡੈਮੋਕਰੈਟਾਂ ਨਾਲ ਭਰੇ ਹਾਲ ‘ਚ ਗੱਲਬਾਤ ਸ਼ੁਰੂ ਕਰਦਿਆਂ ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਇਕ ਤਰ੍ਹਾਂ ‘ਅਸੀਂ ਦੋਵੇਂ ਹੀ ਭਾਰਤ ਦੀਆਂ ਧੀਆਂ ਹਾਂ।’ ਪ੍ਰਿਯੰਕਾ ਨੇ ਇਸ ਮੌਕੇ ਹੈਰਿਸ ਨੂੰ ਕਿਹਾ, ‘ਤੁਸੀਂ ਭਾਰਤੀ ਮਾਂ ਤੇ ਜਮਾਇਕੀ ਮੂਲ ਦੇ ਪਿਤਾ ਦੀ ਅਮਰੀਕੀ ‘ਚ ਜੰਮੀ-ਪਲੀ ਮਾਣਮੱਤੀ ਧੀ ਹੋ। ਮੈਂ ਭਾਰਤੀ ਡਾਕਟਰ ਜੋੜੇ ਦੀ ਭਾਰਤ ‘ਚ ਜੰਮੀ-ਪਲੀ ਧੀ ਹਾਂ ਤੇ ਹਾਲ ਹੀ ‘ਚ ਇਸ ਮੁਲਕ ‘ਚ ਆਵਾਸੀ ਵਜੋਂ ਆਈ ਹਾਂ ਜੋ ਪੂਰੀ ਤਰ੍ਹਾਂ ਅਮੈਰੀਕਨ ਡਰੀਮ ‘ਚ ਯਕੀਨ ਰੱਖਦੀ ਹੈ।’ ਜ਼ਿਕਰਯੋਗ ਹੈ ਕਿ ਹੈਰਿਸ ਅਮਰੀਕਨ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਮਹਿਲਾ, ਪਹਿਲੀ ਸਿਆਹਫਾਮ ਅਮਰੀਕਨ ਤੇ ਦੱਖਣੀ ਏਸ਼ਿਅਨ-ਅਮਰੀਕਨ ਮੂਲ ਦੀ ਪਹਿਲੀ ਸ਼ਖ਼ਸੀਅਤ ਹੈ। ਪ੍ਰਿਯੰਕਾ ਨੇ ਇਸ ਮੌਕੇ ਕਿਹਾ ਕਿ ਅਮਰੀਕਾ ਪੂਰੀ ਦੁਨੀਆ ‘ਚ ਉਮੀਦ ਦੀ ਕਿਰਨ, ਆਜ਼ਾਦੀ ਤੇ ਚੋਣ ਕਰਨ ਦੀ ਖੁੱਲ੍ਹ ਲਈ ਜਾਣਿਆ ਜਾਂਦਾ ਹੈ ਤੇ ਹੁਣ ਇਨ੍ਹਾਂ ਸਾਰੇ ਆਦਰਸ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਪਣੀਆਂ ਟਿੱਪਣੀਆਂ ‘ਚ ਹੈਰਿਸ ਨੇ ਮੰਨਿਆ ਕਿ ਇਸ ਵੇਲੇ ਲੋਕ ਅਸਥਿਰ ਸੰਸਾਰ ‘ਚ ਰਹਿ ਰਹੇ ਹਨ। ਹੈਰਿਸ ਨੇ ਕਿਹਾ ਕਿ ਉਹ ਦੁਨੀਆ ਦੇ ਸੈਂਕੜੇ ਆਗੂਆਂ ਦੇ ਸੰਪਰਕ ‘ਚ ਰਹਿੰਦੀ ਹੈ ਤੇ ਕਹਿ ਸਕਦੀ ਹੈ ਕਿ ‘ਜਿਨ੍ਹਾਂ ਚੀਜ਼ਾਂ ਨੂੰ ਅਸੀਂ ਪਹਿਲਾਂ ਪੱਕੀਆਂ ਮੰਨ ਕੇ ਬੈਠੇ ਸੀ, ਹੁਣ ਉਨ੍ਹਾਂ ‘ਤੇ ਸਵਾਲ ਖੜ੍ਹੇ ਹੋ ਗਏ ਹਨ ਤੇ ਗੰਭੀਰ ਚਿੰਤਨ ਦੀ ਲੋੜ ਹੈ।’