ਫੀਫਾ ਵਰਲਡ ਕੱਪ ‘ਚ ਵਿਨਸੈਂਟ ਅਬੂਬਕਰ ਵੱਲੋਂ ਵਾਧੂ ਸਮੇਂ ਦੇ ਦੂਜੇ ਮਿੰਟ ‘ਚ ਕੀਤੇ ਗਏ ਗੋਲ ਦੀ ਬਦੌਲਤ ਕੈਮਰੂਨ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾ ਦਿੱਤਾ। ਬ੍ਰਾਜ਼ੀਲ ਨੂੰ ਪਿਛਲੇ 24 ਸਾਲਾਂ ‘ਚ ਫੀਫਾ ਵਰਲਡ ਕੱਪ ਦੇ ਗਰੁੱਪ ਗੇੜ ‘ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਪੰਜ ਵਾਰ ਦੀ ਚੈਂਪੀਅਨ ਗਰੁੱਪ ‘ਜੀ’ ਵਿੱਚ ਪਹਿਲੇ ਸਥਾਨ ‘ਤੇ ਰਹਿ ਕੇ ਨਾਕਆਊਟ ਗੇੜ ‘ਚ ਪਹੁੰਚ ਗਈ ਹੈ। ਅਬੂਬਕਰ ਨੇ ਬ੍ਰਾਜ਼ੀਲ ਦੇ ਹੈਡਰ ਰਾਹੀਂ ਗੋਲ ਕੀਤਾ ਅਤੇ ਜਸ਼ਨ ਮਨਾਉਂਦਿਆਂ ਆਪਣੀ ਜਰਸੀ ਉਤਾਰ ਦਿੱਤੀ। ਕੈਮਰੂਨ ਦੇ ਕਪਤਾਨ ਨੇ ਕਾਰਨਰ ਫਲੈਗ ਕੋਲ ਆਪਣੀ ਜਰਸੀ ਸੁੱਟੀ, ਜਿਸ ਤੋਂ ਬਾਅਦ ਰੈਫਰੀ ਨੇ ਉਸ ਨੂੰ ਪੀਲਾ ਕਾਰਡ ਦਿਖਾਇਆ। ਇਹ ਉਸ ਦਾ ਦੂਜਾ ਪੀਲਾ ਕਾਰਡ ਸੀ ਜਿਸ ਕਾਰਨ ਉਸ ਨੂੰ ਮੈਦਾਨ ਤੋਂ ਬਾਹਰ ਹੋਣਾ ਪਿਆ। ਕੈਮਰੂਨ ਇਸ ਤੋਂ ਪਹਿਲਾਂ ਵਰਲਡ ਕੱਪ ‘ਚ ਪਿਛਲੇ ਨੌਂ ਮੈਚਾਂ ‘ਚ ਕੋਈ ਜਿੱਤ ਨਹੀਂ ਦਰਜ ਕਰ ਸਕਿਆ ਸੀ। ਬ੍ਰਾਜ਼ੀਲ ਇਸ ਮੈਚ ‘ਚ ਆਪਣੇ ਰਿਜ਼ਰਵ ਖਿਡਾਰੀਆਂ ਨਾਲ ਉਤਰਿਆ ਸੀ। ਬ੍ਰਾਜ਼ੀਲ ਨੇ ਗਰੁੱਪ ਗੇੜ ਦੇ ਆਪਣੇ ਪਹਿਲੇ ਦੋ ਮੈਚਾਂ ‘ਚ ਸਰਬੀਆ ਅਤੇ ਸਵਿਟਜ਼ਰਲੈਂਡ ਨੂੰ ਹਰਾ ਕੇ ਨਾਕਆਊਟ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਆਖਰੀ 16 ‘ਚ ਉਸ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ। ਬ੍ਰਾਜ਼ੀਲ ਲਗਾਤਾਰ 11ਵੀਂ ਵਾਰ ਵਰਲਡ ਕੱਪ ‘ਚ ਆਪਣੇ ਗਰੁੱਪ ‘ਚ ਸਿਖਰ ‘ਤੇ ਰਿਹਾ ਹੈ। ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਦੋਵਾਂ ਦੇ ਛੇ ਅੰਕ ਹਨ ਪਰ ਬ੍ਰਾਜ਼ੀਲ ਦੀ ਟੀਮ ਬਿਹਤਰ ਗੋਲ ਅੰਤਰ ਕਾਰਨ ਪਹਿਲੇ ਸਥਾਨ ‘ਤੇ ਰਹੀ। ਨਾਕਆਊਟ ਗੇੜ ‘ਚ ਸਵਿਟਜ਼ਰਲੈਂਡ ਦਾ ਮੁਕਾਬਲਾ ਪੁਰਤਗਾਲ ਨਾਲ ਹੋਵੇਗਾ। ਕੈਮਰੂਨ ਨੇ ਚਾਰ ਅਤੇ ਸਰਬੀਆ ਨੇ ਇਕ ਅੰਕ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ।