ਬਰਮਿੰਘਮ (ਇੰਗਲੈਂਡ) ਵਿਖੇ ਕਾਮਨਵੈਲਥ ਗੇਮਜ਼ ਸ਼ੁਰੂ ਹੋ ਗਈਆਂ ਹਨ। ਉਦਘਾਟਨੀ ਸਮਾਗਮ ਉਪਰੰਤ ਹੁਣ ਭਾਰਤੀ ਮੁਹਿੰਮ 29 ਜੁਲਾਈ ਤੋਂ ਸ਼ੁਰੂ ਹੋਵੇਗੀ। ਮੁਕਾਬਲੇ ਦੇ ਪਹਿਲੇ ਦਿਨ ਇੰਡੀਆ ਵੱਲੋਂ ਮਹਿਲਾ ਕ੍ਰਿਕਟ, ਮਹਿਲਾ ਹਾਕੀ, ਤੈਰਾਕੀ, ਬੈਡਮਿੰਟਨ, ਮੁੱਕੇਬਾਜ਼ੀ, ਸਾਈਕਲਿੰਗ, ਲਾਅਨ ਬਾਲ, ਨੈੱਟਬਾਲ, ਰਗਬੀ, ਸਕੁਐਸ਼, ਟੇਬਲ ਟੈਨਿਸ ਤੇ ਟ੍ਰਾਇਥਲੋਨ ਦੇ ਖਿਡਾਰੀ ਆਪੋ-ਆਪਣੇ ਮੁਕਾਬਲਿਆਂ ’ਚ ਉੱਤਰਨਗੇ ਤੇ ਭਾਰਤੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਕਾਮਨਵੈਲਥ ਗੇਮਜ਼ ’ਚ ਪਹਿਲੀ ਵਾਰ ਮਹਿਲਾ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਟੀਮ ਆਸਟਰੇਲੀਆ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡੇਗੀ। ਇਵੇਂ ਹੀ ਹਾਕੀ ’ਚ ਮਹਿਲਾ ਟੀਮ ਦਾ ਮੁਕਾਬਲਾ ਗਰੁੱਪ ਮੈਚ ’ਚ ਘਾਨਾ ਨਾਲ ਹੋਵੇਗਾ ਜਦਕਿ ਮੁੱਕੇਬਾਜ਼ੀ ’ਚ ਮਰਦ ਤੇ ਮਹਿਲਾਵਾਂ ਦੇ ਰਾਊਂਡ-32 ਦੇ ਮੈਚ ਹੋਣਗੇ। ਪੀ.ਵੀ. ਸਿੰਧੂ ਸਮੇਤ ਸਟਾਰ ਬੈਡਮਿੰਟਨ ਖਿਡਾਰੀ ਰਾਸ਼ਟਰਮੰਡਲ ਖੇਡਾਂ ’ਚ ਨਿੱਜੀ ਸੋਨ ਤਗ਼ਮੇ ਹਾਸਲ ਕਰਨ ਲਈ ਕੋਈ ਕਸਰ ਨਹੀਂ ਛੱਡਣਗੇ ਪਰ ਡਬਲਜ਼ ਖਿਡਾਰੀ ਵੀ ਸੁਰਖ਼ੀਆਂ ’ਚ ਰਹਿਣਗੇ ਕਿਉਂਕਿ ਇੰਡੀਆ ਦਾ ਟੀਚਾ ਮਿਕਸਡ ਟੀਮ ਖ਼ਿਤਾਬ ਕਾਇਮ ਰੱਖ ਕੇ ਇਨ੍ਹਾਂ ਖੇਡਾਂ ’ਚ ਆਪਣੇ ਪ੍ਰਦਰਸ਼ਨ ’ਚ ਨਿਰੰਤਰਤਾ ਬਣਾਈ ਰੱਖਣਾ ਹੋਵੇਗਾ। ਗੋਲਡ ਕੋਸਟ ’ਚ ਖੇਡੀਆਂ ਗਈਆਂ ਪਿਛਲੀਆਂ ਰਾਸ਼ਟਰਮੰਡਲ ਖੇਡਾਂ ’ਚ ਭਾਰਤੀ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ ਤੇ ਦੋ ਸੋਨ ਤਗ਼ਮਿਆਂ ਸਮੇਤ ਕੁੱਲ 6 ਤਗ਼ਮੇ ਜਿੱਤੇ ਸਨ। ਨਿੱਜੀ ਮੁਕਾਬਲਿਆਂ ’ਚ ਸੋਨੇ ਦਾ ਤਗ਼ਮਾ ਜਿੱਤਣਾ ਮੁਡ਼ ਭਾਰਤੀ ਖਿਡਾਰੀਆਂ ਦਾ ਟੀਚਾ ਹੋਵੇਗਾ। ਇਨ੍ਹਾਂ ’ਚ ਸਿਰਫ਼ ਸਿੰਧੂ ਹੀ ਨਹੀਂ ਸਗੋਂ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤੇ ਕਾਂਸੀ ਦੇ ਤਗ਼ਮੇ ਜੇਤੂ ਕ੍ਰਮਵਾਰ ਕਿਦਾਂਬੀ ਸ਼੍ਰੀਕਾਂਤ ਤੇ ਲਕਸ਼ੇ ਸੇਨ ਵੀ ਸ਼ਾਮਲ ਹਨ। ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਨੇ 2018 ’ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ ਤੇ ਇਸ ਵਾਰ ਉਹ ਆਪਣੇ ਤਗ਼ਮੇ ਦਾ ਰੰਗ ਬਦਲਣਾ ਚਾਹੁਣਗੇ। ਮੁੱਕੇਬਾਜ਼ੀ ’ਚ ਇੰਡੀਆ ਨੇ ਮਰਦ ਤੇ ਮਹਿਲਾ ਵਰਗ ਮਿਲਾ ਕੇ ਕੁੱਲ 12 ਮੁੱਕੇਬਾਜ਼ਾਂ ਨੂੰ ਰਾਸ਼ਟਰਮੰਡਲ ਖੇਡਾਂ ਦੀ ਚੁਣੌਤੀ ’ਚ ਉਤਾਰਿਆ ਹੈ ਪਰ ਦੇਸ਼ ਨੂੰ ਨਿਕਹਤ ਜ਼ਰੀਨ (50 ਕਿਲੋਗ੍ਰਾਮ), ਲਵਲੀਨਾ ਬੋਰਗੋਹੇਨ (70 ਕਿਲੋਗ੍ਰਾਮ) ਤੇ ਅਮਿਤ ਪੰਘਾਲ (51 ਕਿਲੋਗ੍ਰਾਮ) ਤੋਂ ਖ਼ਾਸ ਉਮੀਦਾਂ ਹੋਣਗੀਆਂ।