ਇੰਡੀਆ ਦੀ ਧਡ਼ੱਲੇਦਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਬਰਮਿੰਘਮ ’ਚ 28 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਕਾਮਨਵੈਲਥ ਗੇਮਜ਼-2022 ’ਚ 15 ਮੈਂਬਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਗਵਾਈ ਕਰੇਗੀ। ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਦਿੱਤੀ ਗਈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਟੀਮ ਦੀ ਉਪ ਕਪਤਾਨ ਬਣਾਇਆ ਗਿਆ ਹੈ। ਬੋਰਡ ਵੱਲੋਂ ਜਾਰੀ ਬਿਆਨ ’ਚ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ’ਚ ਪਹਿਲੀ ਵਾਰ ਮਹਿਲਾਵਾਂ ਦੇ ਕੌਮਾਂਤਰੀ ਟੀ-20 ਕ੍ਰਿਕਟ ਮੁਕਾਬਲੇ ਹੋਣਗੇ। ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਗਰੁੱਪ-ਏ ’ਚ ਪਾਕਿਸਤਾਨ, ਆਸਟਰੇਲੀਆ ਤੇ ਬਾਰਬਾਡੋਸ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 29 ਜੁਲਾਈ ਨੂੰ ਆਸਟਰੇਲੀਆ ਖ਼ਿਲਾਫ਼ ਖੇਡੇਗੀ ਅਤੇ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ 31 ਜੁਲਾਈ ਨੂੰ ਅਤੇ ਬਾਰਬਾਡੋਸ ਖ਼ਿਲਾਫ਼ 3 ਅਗਸਤ ਨੂੰ ਹੋਵੇਗਾ। ਗਰੁੱਪ-ਬੀ ’ਚ ਸ੍ਰੀਲੰਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਹਨ।