ਬਰਨਾਲਾ ਦੇ ਕਚਹਿਰੀ ਚੌਕ ‘ਚ ਬੇਰੁਜ਼ਗਾਰ ਅਧਿਆਪਕਾਂ ਤੇ ਹੋਰਨਾਂ ਨੇ ਪ੍ਰਦਰਸ਼ਨ ਕੀਤਾ। ਸਰਕਾਰੀ ਕਾਲਜਾਂ ‘ਚ ਕੀਤੀ ਗਈ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਗਪਗ ਦੋ ਸੌ ਲਾਇਬ੍ਰੇਰੀਅਨਾਂ ਦੀ ਭਰਤੀ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੇ ਜਾਣ ਮਗਰੋਂ ਉਕਤ ਭਰਤੀ ਦੇ ਉਮੀਦਵਾਰ ਵੀ ਪੱਕੀ ਨੌਕਰੀ ਦੀ ਮੰਗ ਲਈ ਪ੍ਰਦਰਸ਼ਨ ‘ਚ ਸ਼ਾਮਲ ਹੋਏ। ਇਹ ਪ੍ਰਦਰਸ਼ਨਕਾਰੀ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਜਿਵੇਂ ਹੀ ਉਨ੍ਹਾਂ ਦੀ ਕੋਠੀ ਵੱਲ ਬੈਰੀਕੇਡ ਤੋੜ ਕੇ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ। ਪੁਲੀਸ ਦੀਆਂ ਡਾਂਗਾਂ ਅੱਗੇ ਵੀ ਧਰਨਾਕਾਰੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਆਖ਼ਰ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਲਾਠੀਚਾਰਜ ਕਰਕੇ ਛੱਲੀਆਂ ਵਾਂਗੂੰ ਕੁੱਟਿਆ ਤੇ ਧਰਨੇ ਵਾਲੀ ਥਾਂ ਤੋਂ ਖਦੇੜ ਦਿੱਤਾ ਅਤੇ ਕੁਝ ਨੂੰ ਪੁਲੀਸ ਬੱਸਾਂ ਧੂਹ ਕੇ ਵੱਖ-ਵੱਖ ਥਾਣਿਆਂ ‘ਚ ਲੈ ਗਈ। ਫਰੰਟ ਦੇ ਕਨਵੀਨਰ ਡਾ. ਸੋਹੇਲ ਕਰਮਜੀਤ ਸਿੰਘ, ਜਗਮੀਤ ਸਿੰਘ ਸਣੇ ਲੜਕੀਆਂ ਨੇ ਕਿਹਾ ਕਿ ‘ਆਪ’ ਸਰਕਾਰ ਵੇਲੇ ਪ੍ਰੋਫ਼ੈਸਰਾਂ ਨਾਲ ਅਜਿਹਾ ਵਰਤਾਅ ਹੋਵੇਗਾ, ਉਨ੍ਹਾਂ ਨੇ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ। ਜ਼ਿਕਰਯੋਗ ਹੈ ਕਿ ਪਹਿਲਾਂ ਤੋਂ ਹੀ ਐਲਾਨੇ ਰੋਸ ਪ੍ਰਦਰਸ਼ਨ ਤਹਿਤ ਸਵੇਰ ਤੋਂ ਹੀ 1158 ਸਹਾਇਕ ਪ੍ਰੋਫ਼ੈਸਰ ਭਰਤੀ ਦੇ ਉਮੀਦਵਾਰ ਤੇ ਲਾਇਬਰੇਰੀਅਨ ਫਰੰਟ ਪੰਜਾਬ ਦੇ ਬੈਨਰ ਹੇਠ ਪ੍ਰਦਰਸ਼ਨਕਾਰੀ ਕਚਹਿਰੀ ਚੌਕ ਕੋਲ ਇਕੱਠੇ ਹੋ ਗਏ। ਉਨ੍ਹਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ ਗਈ, ਪਰ ਜਦੋਂ ਉਨ੍ਹਾਂ ਦੀ ਕਿਸੇ ਨੇ ਨਾ ਸੁਣੀ ਤਾਂ ਉਨ੍ਹਾਂ ਖੇਡ ਮੰਤਰੀ ਦੀ ਕੋਠੀ ਵੱਲ ਚਾਲ ਪਾ ਦਿੱਤੇ। ਜਦੋਂ ਉਨ੍ਹਾਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ। ਜਥੇਬੰਦੀ ਦੇ ਆਗੂਆਂ ਨੇ ਪੁਲੀਸ ਲਾਠੀਚਾਰਜ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।