ਪਟਿਆਲਾ ਦੀ ਅਦਾਲਤ ਨੇ ਗਾਇਕ ਦਲੇਰ ਮਹਿੰਦੀ ਦੇ ਖ਼ਿਲਾਫ਼ ਦੋ ਦਹਾਕੇ ਪਹਿਲਾਂ ਦਰਜ ਹੋਏ ਕਬੂਤਰਬਾਜ਼ੀ ਦੇ ਮਾਮਲੇ ’ਚ ਅੱਜ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਸਲ ’ਚ ਕੁਝ ਸਾਲ ਪਹਿਲਾਂ ਪਟਿਆਲਾ ਦੀ ਹੀ ਹੇਠਲੀ ਅਦਾਲਤ ਵੱਲੋਂ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਦਲੇਰ ਮਹਿੰਦੀ ਨੇ ਪਟਿਆਲਾ ਦੀ ਉੱਪਰਲੀ ਅਦਾਲਤ ’ਚ ਚੁਣੌਤੀ ਦਿੱਤੀ ਸੀ ਪਰ ਅੱਜ ਪਟਿਆਲਾ ਦੀ ਇਸ ਉੱਪਰਲੀ ਅਦਾਲਤ ਵੱਲੋਂ ਦਲੇਰ ਮਹਿੰਦੀ ਦੀ ਉਹ ਅਪੀਲ ਡਿਸਮਿਸ ਕਰ ਦਿੱਤੀ ਜਿਸ ਦੇ ਚੱਲਦਿਆਂ ਉਸ ਨੂੰ ਹੇਠਲੀ ਅਦਾਲਤ ਵੱਲੋਂ ਕੀਤੀ ਗਈ ਦੋ ਸਾਲ ਦੀ ਕੈਦ ਦੀ ਸਜ਼ਾ ਬਰਕਰਾਰ ਰਹੀ ਜਿਸ ਤੋਂ ਬਾਅਦ ਸਥਾਨਕ ਪੁਲੀਸ ਨੇ ਦਲੇਰ ਮਹਿੰਦੀ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਦਲੇਰ ਮਹਿੰਦੀ ਦਾ ਮੈਡੀਕਲ ਕਰਵਾਇਆ ਗਿਆ। ਯਾਦ ਰਹੇ ਸਾਲ 2003 ’ਚ ਪਟਿਆਲਾ ਪੁਲੀਸ ਨੇ ਪਿੰਡ ਬਲਬੇਡ਼ਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ’ਤੇ ਦਲੇਰ ਮਹਿੰਦੀ, ਉਸਦੇ ਭਰਾ ਸ਼ਮਸ਼ੇਰ ਸਿੰਘ, ਧਿਆਨ ਸਿੰਘ ਤੇ ਬੁਲਬੁਲ ਮਹਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਬਖਸ਼ੀਸ਼ ਸਿੰਘ ਨੇ ਕਿਹਾ ਸੀ ਕਿ ਦਲੇਰ ਮਹਿੰਦੀ ਨੇ 20 ਲੱਖ ਰੁਪਏ ਲੈ ਕੇ ਉਸ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿਵਾਇਆ ਸੀ। ਹਾਲਾਂਕਿ ਨਾ ਤਾਂ ਉਸ ਨੂੰ ਬਾਹਰ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। 15 ਸਾਲਾਂ ਬਾਅਦ ਸਾਲ 2018 ’ਚ ਦਲੇਰ ਮਹਿੰਦੀ ਨੂੰ ਜੱਜ ਨਿਧੀ ਸੈਣੀ ਦੀ ਅਦਾਲਤ ਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਤਿੰਨ ਸਾਲ ਤੋਂ ਘੱਟ ਹੋਣ ਕਾਰਨ ਦਲੇਰ ਮਹਿੰਦੀ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਇਸ ਮਾਮਲੇ ’ਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ ਜਦਕਿ ਸ਼ਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਉੱਪਰਲੀ ਅਦਾਲਤ ਵੱਲੋਂ ਦੋ ਸਾਲ ਦੀ ਸਜ਼ਾ ਵਾਲਾ ਫ਼ੈਸਲਾ ਬਰਕਰਾਰ ਰੱਖਣ ਤੋਂ ਬਾਅਦ ਦਲੇਰ ਮਹਿੰਦੀ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ।