ਬਰਮਿੰਘਮ ਵਿਖੇ ਹੋ ਰਹੀਆਂ ਕਾਮਨਵੈਲਥ ਗੇਮਜ਼ ’ਚ ਮਹਿਲਾਵਾਂ ਦੇ ਟੀ-20 ਗਰੁੱਪ-ਏ ਦੇ ਮੈਚ ’ਚ ਆਸਟਰੇਲੀਆ ਨੇ ਇੰਡੀਆ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇੰਡੀਆ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਸ਼ਾਨਦਾਰ ਅਰਧ ਸੈਂਕਡ਼ੇ ਦੀ ਮਦਦ ਨਾਲ 20 ਓਵਰਾਂ ’ਚ ਅੱਠ ਵਿਕਟਾਂ ਦੇ ਨੁਕਸਾਨ ਨਾਲ 154 ਦੌਡ਼ਾਂ ਬਣਾਈਆਂ ਜਦਕਿ ਆਸਟਰੇਲੀਆ ਨੇ ਜੇਤੂ ਟੀਚਾ ਇਕ ਓਵਰ ਰਹਿੰਦਿਆਂ ਹੀ ਪੂਰਾ ਕਰ ਲਿਆ। ਆਸਟਰੇਲੀਆ ਨੇ 19 ਓਵਰਾਂ ’ਚ ਸੱਤ ਵਿਕਟਾਂ ਦੇ ਨੁਕਸਾਨ ਨਾਲ 155 ਦੌਡ਼ਾਂ ਬਣਾਈਆਂ। ਆਸਟਰੇਲੀਆ ਲਈ ਐਸ਼ਲੇ ਗਾਰਡਨਰ ਨੇ 35 ਗੇਂਦਾਂ ’ਤੇ ਨਾਬਾਦ 52 ਦੌਡ਼ਾਂ ਬਣਾਈਆਂ। ਇੰਡੀਆ ਲਈ ਰੇਣੁਕਾ ਸਿੰਘ ਨੇ 18 ਦੌਡ਼ਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਦੀਪਤੀ ਸ਼ਰਮਾ ਨੇ ਦੋ ਵਿਕਟਾਂ ਹਾਸਲ ਕੀਤੀਆਂ ਤੇ ਮੇਘਨਾ ਸਿੰਘ ਨੂੰ ਇਕ ਵਿਕਟ ਮਿਲੀ। ਇਸ ਤੋਂ ਪਹਿਲਾਂ ਭਾਰਤੀ ਕਪਤਾਨ ਹਰਮਨਪ੍ਰੀਤ ਨੇ 34 ਗੇਂਦਾਂ ’ਤੇ ਅੱਠ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 52 ਦੌਡ਼ਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ 33 ਗੇਂਦਾਂ ’ਤੇ 48 ਦੌਡ਼ਾਂ ਦੀ ਪਾਰੀ ਖੇਡੀ। ਸਮ੍ਰਿਤੀ ਨੇ ਵੀ (17 ਗੇਂਦਾਂ ’ਤੇ 25 ਦੌਡ਼ਾਂ) ਚੰਗੀ ਸ਼ੁਰੂਆਤ ਕੀਤੀ ਪਰ ਉਹ ਇਸ ਨੂੰ ਵੱਡੀ ਪਾਰੀ ’ਚ ਨਹੀਂ ਬਦਲ ਸਕੀ।