ਪਾਕਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ ਟੀ-20 ਮੈਚ ਜਿੱਤ ਲਿਆ ਹੈ ਅਤੇ ਇੰਗਲੈਂਡ ਦੇ ਕਪਤਾਨ ਮੋਈਨ ਅਲੀ ਦਾ ਨਾਬਾਦ ਅਰਧ ਸੈਂਕੜਾ ਕਿਸੇ ਕੰਮ ਨਾ ਆਇਆ। ਪਾਕਿਸਤਾਨ ਨੇ ਪੰਜਵੇਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ‘ਚ ਆਪਣੇ ਘੱਟ ਸਕੋਰ ਦਾ ਬਚਾਅ ਕਰਦੇ ਹੋਏ 6 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਇੰਗਲੈਂਡ ਦੇ ਸਾਹਮਣੇ 146 ਦੌੜਾਂ ਦਾ ਟੀਚਾ ਸੀ ਅਤੇ ਆਖਰੀ ਓਵਰ ‘ਚ ਉਸ ਨੂੰ 15 ਦੌੜਾਂ ਦੀ ਲੋੜ ਸੀ। ਮੋਈਨ ਨੇ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਆਮਿਰ ਜਮਾਲ ‘ਤੇ ਛੱਕਾ ਜੜ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਹ ਆਪਣੀ ਟੀਮ ਨੂੰ ਸੱਤ ਵਿਕਟਾਂ ‘ਤੇ 139 ਦੌੜਾਂ ਤੱਕ ਹੀ ਲੈ ਜਾ ਸਕਿਆ। ਤੇਜ਼ ਗੇਂਦਬਾਜ਼ ਮਾਰਕ ਵੁੱਡ (20 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਅਗਵਾਈ ‘ਚ ਇੰਗਲੈਂਡ ਨੇ ਪਾਕਿਸਤਾਨ ਨੂੰ 19 ਓਵਰਾਂ ‘ਚ 145 ਦੌੜਾਂ ‘ਤੇ ਆਊਟ ਕਰ ਦਿੱਤਾ, ਜੋ ਸੀਰੀਜ਼ ਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਵੁੱਡ ਤੋਂ ਇਲਾਵਾ ਡੇਵਿਡ ਵਿਲੀ ਅਤੇ ਸੈਮ ਕੁਰੇਨ ਨੇ ਦੋ-ਦੋ ਵਿਕਟਾਂ ਲਈਆਂ। ਪਾਕਿਸਤਾਨ ਵੱਲੋਂ ਸਿਰਫ਼ ਤਿੰਨ ਬੱਲੇਬਾਜ਼ ਹੀ ਦੋਹਰੇ ਅੰਕੜੇ ਤੱਕ ਪਹੁੰਚ ਗਏ ਜਿਨ੍ਹਾਂ ‘ਚ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 46 ਗੇਂਦਾਂ ‘ਚ 63 ਦੌੜਾਂ ਬਣਾਈਆਂ। ਇੰਗਲੈਂਡ ਸਾਹਮਣੇ ਵੱਡਾ ਟੀਚਾ ਨਹੀਂ ਸੀ ਪਰ ਵਿਚਕਾਰਲੇ ਓਵਰਾਂ ‘ਚ ਪਾਕਿ ਸਪਿਨਰ ਇਫਤਿਖਾਰ ਅਹਿਮਦ (16 ਦੌੜਾਂ ‘ਤੇ ਇਕ ਵਿਕਟ) ਅਤੇ ਸ਼ਾਦਾਬ ਖਾਨ (25 ਦੌੜਾਂ ‘ਤੇ ਇਕ ਵਿਕਟ) ਨੇ ਦੌੜਾਂ ‘ਤੇ ਰੋਕ ਲਗਾਈ ਜਿਸ ਨਾਲ ਰਨ ਰੇਟ ਵੱਧਦਾ ਗਿਆ। ਇਸ ਕਾਰਨ ਮੋਈਨ ਦੀ 37 ਗੇਂਦਾਂ ‘ਤੇ ਖੇਡੀ ਗਈ 51 ਦੌੜਾਂ ਦੀ ਅਜੇਤੂ ਪਾਰੀ ਇੰਗਲੈਂਡ ਦੇ ਕੰਮ ਨਹੀਂ ਆਈ। ਡੇਵਿਡ ਮਲਾਨ ਨੇ 35 ਗੇਂਦਾਂ ‘ਤੇ 36 ਦੌੜਾਂ ਬਣਾਈਆਂ। ਪਾਕਿਸਤਾਨ ਨੇ ਇਸ ਤਰ੍ਹਾਂ ਸੱਤ ਮੈਚਾਂ ਦੀ ਲੜੀ ‘ਚ 3-2 ਦੀ ਬੜ੍ਹਤ ਬਣਾ ਲਈ ਹੈ।