ਦਾਖਾ ਹਲਕੇ ਤੋਂ ਦੋ ਵਾਰ ਚੋਣ ਲੜ ਚੁੱਕੇ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਰਹੇ ਕੈਪਟਨ ਸੰਦੀਪ ਸੰਧੂ ਨੂੰ ਵੀ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਨਾਮਜ਼ਦ ਕਰ ਲਿਆ ਹੈ। ਸਿੱਧਵਾਂ ਬੇਟ ਤੇ ਨੇੜਲੇ ਹੋਰ ਪਿੰਡਾਂ ‘ਚ ਲਾਈਟਾਂ ਲਾਉਣ ਦੇ ਘੁਟਾਲੇ ‘ਚ ਬਲਾਕ ਸੰਮਤੀ ਸਿੱਧਵਾਂ ਬੇਟ ਦੇ ਚੇਅਰਮੈਨ ਤੇ ਬੀ.ਡੀ.ਪੀ.ਓ. ਸਣੇ ਇਕ ਹੋਰ ਮੁਲਜ਼ਮ ਪਹਿਲਾਂ ਹੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਕਾਂਗਰਸ ਆਗੂ ਦੀ ਦਾਖਾ ਵਿਧਾਨ ਸਭਾ ਹਲਕੇ ਦੇ ਪਿੰਡਾਂ ‘ਚ ਲਾਈਟਾਂ ਲਾਉਣ ਦੇ ਮਾਮਲੇ ‘ਚ ਹੋਏ ਘੁਟਾਲੇ ‘ਚ ਕਥਿਤ ਸ਼ਮੂਲੀਅਤ ਸਾਹਮਣੇ ਆਈ ਹੈ। ਵਿਜੀਲੈਂਸ ਵੱਲੋਂ 27 ਸਤੰਬਰ ਨੂੰ ਦਰਜ ਕੀਤੇ ਮਾਮਲੇ ‘ਚ ਹੁਣ ਤੱਕ 6 ਵਿਅਕਤੀਆਂ ਨੂੰ ਨਾਮਜ਼ਦ ਕਰਕੇ 4 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਰਪ੍ਰੀਤ ਸਿੰਘ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਹਾਲ ਦੀ ਘੜੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਨ ਆਸ਼ੂ ਤੋਂ ਬਾਅਦ ਕੀਤੀ ਗਈ ਵੱਡੀ ਕਾਰਵਾਈ ਹੈ। ਕੈਪਟਨ ਸੰਦੀਪ ਸੰਧੂ ਕਾਂਗਰਸ ਦਾ ਅਹਿਮ ਆਗੂ ਹੈ ਤੇ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਦੇ ਪ੍ਰਦੇਸ਼ ਦਫ਼ਤਰ ਦਾ ਇੰਚਾਰਜ ਵੀ ਹੈ। ਕੈਪਟਨ ਸੰਧੂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਵਿੱਚੋਂ ਇਕ ਸਨ ਅਤੇ ਇਸੇ ਕਰ ਕੇ ਕਾਂਗਰਸ ਦੀ ਸਰਕਾਰ ਹੋਂਦ ‘ਚ ਆਉਂਦਿਆਂ ਹੀ ਉਨ੍ਹਾਂ ਦੀ ਸਿਆਸੀ ਸਕੱਤਰ ਵਜੋਂ ਨਿਯੁਕਤੀ ਕਰਕੇ ਮੁੱਖ ਮੰਤਰੀ ਦਫ਼ਤਰ ‘ਚ ਹੀ ਕੰਮ ਅਲਾਟ ਕੀਤਾ ਗਿਆ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਦਾਖਾ ਹਲਕੇ ਦੀ ਜ਼ਿਮਨੀ ਚੋਣ ਵੀ ਲੜਾਈ ਗਈ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਦੀ ਕਮਾਨ ਖੁਦ ਸੰਭਾਲੀ ਹੋਈ ਸੀ। ਵਿਜੀਲੈਂਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਬੀ.ਡੀ.ਪੀ.ਓ. ਸਤਵਿੰਦਰ ਸਿੰਘ ਕੰਗ ਨੇ ਖੁਲਾਸਾ ਕੀਤਾ ਹੈ ਕਿ ਸਿੱਧਵਾਂ ਬੇਟ ਖੇਤਰ ਦੇ ਪਿੰਡਾਂ ਦੀਆਂ ਗਲੀਆਂ ‘ਚ ਲਾਈਟਾਂ ਲਾਉਣ ਲਈ ਸਬੰਧਤ ਠੇਕੇਦਾਰ ਅਤੇ ਹੋਰਨਾਂ ਵਿਅਕਤੀਆਂ ਨਾਲ ਸੰਦੀਪ ਸੰਧੂ ਵੱਲੋਂ ਹੀ ਮੁਲਾਕਾਤ ਕਰਾਈ ਗਈ ਸੀ। ਵਿਜੀਲੈਂਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਮਾਮਲੇ ‘ਚ ਤਫ਼ਤੀਸ਼ ਚੱਲ ਰਹੀ ਹੈ ਤੇ ਹੋਰ ਤੱਥ ਵੀ ਸਾਹਮਣੇ ਆਉਣਗੇ। ਵਿਜੀਲੈਂਸ ਦੀ ਤਫ਼ਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਦਾਖਾ ਹਲਕੇ ਦੀ ਜ਼ਿਮਨੀ ਚੋਣ ਅਤੇ ਉਸ ਤੋਂ ਬਾਅਦ ਸਾਲ 2022 ਦੀਆਂ ਆਮ ਚੋਣਾਂ ਤੱਕ ਦਾਖਾ ਹਲਕੇ ਵਿੱਚ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੀ ਵੰਡ ਕੀਤੀ ਗਈ ਅਤੇ ਜ਼ਿਆਦਾਤਰ ਗਰਾਂਟਾਂ ‘ਚ ਵੱਡੇ ਘਪਲੇ ਦੇ ਤੱਥ ਸਾਹਮਣੇ ਆਏ ਹਨ। ਵਿਜੀਲੈਂਸ ਵੱਲੋਂ ਇਸ ਹਲਕੇ ਵਿੱਚ ਵੰਡੀਆਂ ਗਈਆਂ ਖੇਡ ਕਿੱਟਾਂ ਦੇ ਮਾਮਲੇ ਦੀ ਵੱਖਰੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਵੀ ਮੁੱਢਲੇ ਤੌਰ ‘ਤੇ ਵੱਡਾ ਘੁਟਾਲਾ ਹੋਣ ਦੇ ਤੱਥ ਵਿਜੀਲੈਂਸ ਦੇ ਹੱਥ ਲੱਗੇ ਹਨ।