ਕੈਨੇਡਾ ਤੋਂ ਆਪਣੇ ਲੜਕੇ ਦਾ ਵਿਆਹ ਕਰਨ ਆਏ ਪਰਵਾਸੀ ਪੰਜਾਬੀ ਪਰਿਵਾਰ, ਜਿਸ ‘ਚ ਅਮਰੀਕਾ, ਇੰਗਲੈਂਡ ਤੋਂ ਵੀ ਕਈ ਪਰਿਵਾਰ ਸ਼ਾਮਲ ਹੋਏ ਸਨ, ਦੇ ਵਿਆਹ ਸਮਾਗਮ ‘ਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕੀਤੀ ਗੁੰਡਾਗਰਦੀ ਅਤੇ ਫਾਇਰਿੰਗ ਦੇ ਕਈ ਦਿਨ ਬੀਤ ਜਾਣ ਤੋਂ ਬਾਅਦ ਅਖੀਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਾਗੀ ਹੈ। ਕੈਬਨਿਟ ਮੰਤਰੀ, ਜੋ ਐਨ.ਆਰੀ.ਆਈ. ਮਾਮਲੇ ਵੀ ਦੇਖਦੇ ਹਨ, ਕੁਲਦੀਪ ਸਿੰਘ ਧਾਲੀਵਾਲ ਨੇ ਇਸ ਪਰਿਵਾਰ ਨਾਲ ਅੰਮ੍ਰਿਤਸਰ ਪੁੱਜ ਕੇ ਮੁਲਾਕਾਤ ਕੀਤੀ ਅਤੇ ਹਰ ਤਰ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਧਾਲੀਵਾਲ ਨੇ ਪੀੜਤ ਪਰਿਵਾਰ ਨਾਲ ਉਨ੍ਹਾਂ ਦੇ ਘਰ ਡਰੀਮ ਸਿਟੀ ਮਾਨਾਂਵਾਲਾ ‘ਚ ਮੁਲਾਕਾਤ ਕਰਨ ਮੌਕੇ ਕਿਹਾ ਕਿ ਕਿਸੇ ਨੂੰ ਇਹ ਹੱਕ ਨਹੀਂ ਕਿ ਉਹ ਕਿਸੇ ਵਿਆਹ ਸਮਾਗਮ ‘ਚ ਗੁੰਡਾਗਰਦੀ ਕਰੇ। ਉਨ੍ਹਾਂ ਇਸ ਮਾਮਲੇ ‘ਚ ਪੁਲੀਸ ਨੂੰ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਜਾਣਕਾਰੀ ਅਨੁਸਾਰ ਇਸ ਮਾਮਲੇ ‘ਚ ਹੁਣ ਤੱਕ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਜਾਰੀ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਦੀ ਸੂਬੇ ਦੇ ਵਿਕਾਸ ‘ਚ ਵੱਡੀ ਦੇਣ ਹੈ ਤੇ ‘ਆਪ’ ਸਰਕਾਰ ਦਾ ਟੀਚਾ ਵੱਧ ਤੋਂ ਵੱਧ ਪਰਵਾਸੀ ਭਾਰਤੀਆਂ ਨੂੰ ਪੰਜਾਬ ਨਾਲ ਜੋੜਨ ਦਾ ਹੈ ਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸ਼ਰਾਰਤੀ ਅਨਸਰ ਪੰਜਾਬ ‘ਚ ਪਹਿਲਾਂ ਰਾਜ ਕਰ ਚੁੱਕੀਆਂ ਪਾਰਟੀਆਂ ਦੀ ਦੇਣ ਹਨ ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਪਰਿਵਾਰ ਨੂੰ ਹੌਸਲਾ ਦਿੰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਮਾਮਲੇ ‘ਚ ਜੇਕਰ ਕਿਸੇ ਪੁਲੀਸ ਅਧਿਕਾਰੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਕਿਹਾ ਕਿ ਕਿਸੇ ਵੀ ਸ਼ਰਾਬ ਦੇ ਠੇਕੇਦਾਰ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਦੇ ਵੀ ਵਿਆਹ ਜਾਂ ਸਮਾਗਮ ‘ਚ ਜਾ ਕੇ ਸ਼ਰਾਬ ਦੀ ਜਾਂਚ ਕਰ ਸਕੇ। ਉਨ੍ਹਾਂ ਕਿਹਾ ਕਿ ਜੇ ਠੇਕੇਦਾਰ ਨੂੰ ਕੋਈ ਨਾਜਾਇਜ਼ ਸ਼ਰਾਬ ਦੀ ਸੂਹ ਮਿਲੇ ਤਾਂ ਉਹ ਐਕਸਾਈਜ਼ ਵਿਭਾਗ ਤੇ ਸਥਾਨਕ ਪੁਲੀਸ ਨੂੰ ਨਾਲ ਲੈ ਕੇ ਜਾਂਚ ਕਰਵਾ ਸਕਦਾ ਹੈ ਪਰ ਉਸ ਦੇ ਗੁੰਡੇ ਅਜਿਹੇ ਮੌਕੇ ਉਤੇ ਲੋਕਾਂ ਦੇ ਪ੍ਰੋਗਰਾਮਾਂ ‘ਚ ਖਲਲ ਨਹੀਂ ਪਾ ਸਕਦੇ ਤੇ ਨਾ ਹੀ ਅਸੀਂ ਪਾਉਣ ਦਿਆਂਗੇ। ਮੁੱਖ ਮੰਤਰੀ ਪੰਜਾਬ ਦੀ ਤਰਫੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦੇਣ ਘਰ ਪੁੱਜੇ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ‘ਚ ਕਿਸੇ ਨਾਲ ਬੇਇਨਸਾਫੀ ਨਹੀਂ ਹੋਵੇਗੀ ਅਤੇ ਇਸ ਮਾਮਲੇ ‘ਚ ਵੀ ਇਨਸਾਫ ਹੋਵੇਗਾ, ਚਾਹੇ ਦੋਸ਼ੀ ਕਿੰਨੇ ਵੀ ਵੱਡੇ ਕਿਉਂ ਨਾ ਹੋਣ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਦੀ ਪੰਜਾਬ ਦੇ ਵਿਕਾਸ ‘ਚ ਵੱਡੀ ਭੂਮਿਕਾ ਹੈ ਅਤੇ ਸਾਡੀ ਕੋਸ਼ਿਸ਼ ਇਨ੍ਹਾਂ ਨੂੰ ਮੁੜ ਆਪਣੀਆਂ ਜੜ੍ਹਾਂ ਨਾਲ ਜੋੜਨ ਦੀ ਹੈ, ਨਾ ਕੇ ਤੋੜਨ ਦੀ। ਉਨ੍ਹਾਂ ਕਿਹਾ ਕਿ ਇਹ ਗੁੰਡਾਤੰਤਰ ਸਾਡੇ ਤੋਂ ਪਹਿਲਾਂ ਰਾਜ ਕਰ ਰਹੀਆਂ ਪਾਰਟੀਆਂ ਦੀ ਦੇਣ ਹੈ ਅਤੇ ਉਨ੍ਹਾਂ ਦੀ ਸ਼ਹਿ ਉਤੇ ਪਲਿਆ ਹੈ ਪਰ ਹੁਣ ਮਾਨ ਸਰਕਾਰ ਨੇ ਇਸ ਨੂੰ ਜੜ੍ਹੋਂ ਪੁੱਟਣ ਦਾ ਫ਼ੈਸਲਾ ਲਿਆ ਹੈ ਜਿਸ ਨੂੰ ਪੁੱਟ ਕੇ ਹੀ ਸਾਹ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਪਤਾ ਲੱਗਦੇ ਹੀ ਉਨ੍ਹਾਂ ਪਹਿਲਾਂ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਫੋਨ ਕੀਤਾ ਅਤੇ ਫਿਰ ਡੀ.ਜੀ.ਪੀ. ਨਾਲ ਗੱਲ ਕੀਤੀ ਜਿਨ੍ਹਾਂ ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਨੂੰ ਜਾਂਚ ਦੇ ਆਦੇਸ਼ ਦਿੱਤੇ। ਇਸ ਮੌਕੇ ਪਰਿਵਾਰ ਦੇ ਮੈਂਬਰ ਕੰਵਰਦੀਪ ਸਿੰਘ ਮਿੱਠੂ ਤੇ ਲੜਕੇ ਦੀ ਮਾਤਾ ਜਸਕਿਰਨ ਕੌਰ ਨੇ ਪੁਲੀਸ ਕਾਰਵਾਈ ‘ਤੇ ਸੰਤਸ਼ੁਟੀ ਦਾ ਇਜ਼ਹਾਰ ਕਰਦੇ ਕਿਹਾ ਕਿ ਸੂਰੀ ਕਤਲ ਕੇਸ ਮਗਰੋਂ ਪੁਲੀਸ ਨੇ ਜਿਸ ਤਰ੍ਹਾਂ ਸਾਡੇ ਕੇਸ ‘ਚ ਛਾਪੇਮਾਰੀ ਸ਼ੁਰੂ ਕੀਤੀ ਹੈ, ਉਸ ਨਾਲ ਸਾਨੂੰ ਇਨਸਾਫ ਦੀ ਆਸ ਬੱਝੀ ਹੈ।