ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ ਕਈ ਮਹੀਨੇ ਤੋਂ ਜੰਗ ਜਾਰੀ ਹੈ ਅਤੇ ਇਸ ਦਰਮਿਆਨ ਕਈ ਮੁਲਕ ਯੂਕਰੇਨ ਦੀ ਭਾਰੀ ਵਿੱਤੀ ਮੱਦਦ ਕਰ ਚੁੱਕੇ ਹਨ। ਕੈਨੇਡਾ ਵੀ ਉਨ੍ਹਾਂ ਮੁਲਕਾਂ ‘ਚ ਸ਼ਾਮਲ ਹੈ ਜਿਸ ਨੇ ਲੱਖਾਂ ਡਾਲਰ ਦੀ ਸਹਾਇਤ ਦਿੱਤੀ ਹੈ। ਹੁਣ ਕੈਨੇਡਾ ਸਰਕਾਰ ਨੇ 500 ਮਿਲੀਅਨ ਕੈਨੇਡੀਅਨ ਡਾਲਰ ਦਾ ਯੂਕਰੇਨ ਪ੍ਰਭੂਸੱਤਾ ਬਾਂਡ ਲਾਂਚ ਕੀਤਾ ਹੈ। ਕੈਨੇਡੀਅਨ ਵਿੱਤ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ ਫੰਡ ਯੂਕਰੇਨ ਦੀ ਸਰਕਾਰ ਦੀ ਸਹਾਇਤਾ ਕਰੇਗਾ ਤਾਂ ਜੋ ਉਹ ਇਸ ਸਰਦੀਆਂ ‘ਚ ਯੂਕਰੇਨੀਆਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖ ਸਕੇ, ਜਿਵੇਂ ਕਿ ਪੈਨਸ਼ਨ, ਈਂਧਨ ਦੀ ਖਰੀਦ ਅਤੇ ਊਰਜਾ ਬੁਨਿਆਦੀ ਢਾਂਚੇ ਨੂੰ ਬਹਾਲ ਕਰਨਾ ਆਦਿ। ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ ਕਿ ਹੁਣ ਤੱਕ ਯੂਕਰੇਨ ਨੂੰ ਕੈਨੇਡਾ ਦੀ ਵਿੱਤੀ ਸਹਾਇਤਾ ਦੀਆਂ ਸ਼ਰਤਾਂ ਦੇ ਅਨੁਕੂਲ ਫੰਡਾਂ ਦੀ ਵਰਤੋਂ ਘਾਤਕ ਗਤੀਵਿਧੀਆਂ ਜਾਂ ਖਰੀਦਦਾਰੀ ਲਈ ਨਹੀਂ ਕੀਤੀ ਜਾ ਸਕਦੀ ਅਤੇ ਇਹ ਸਬੰਧਤ ਪਾਬੰਦੀ ਕਾਨੂੰਨਾਂ ਅਤੇ ਨਿਯਮਾਂ ਦੇ ਅਨੁਕੂਲ ਹੋਣੇ ਚਾਹੀਦੇ ਹਨ। ਰਿਲੀਜ਼ ਮੁਤਾਬਕ ਯੂਕਰੇਨ ਦੇ ਸਾਵਰਨਿਟੀ ਬਾਂਡ ਖਰੀਦਣ ਵਾਲੇ ਕੈਨੇਡੀਅਨ ਅਸਲ ‘ਚ ਮੋਟੇ ਤੌਰ ‘ਤੇ ਮੌਜੂਦਾ 3.3 ਪ੍ਰਤੀਸ਼ਤ ਰਿਟਰਨ ਦਰ ‘ਤੇ ਕੈਨੇਡਾ ਸਰਕਾਰ ਦੇ ਨਿਯਮਤ ਪੰਜ ਸਾਲਾਂ ਬਾਂਡ ਖਰੀਦਣਗੇ। ਇਸ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਬਾਂਡ ਜਾਰੀ ਕਰਨ ਤੋਂ ਬਾਅਦ ਅਤੇ ਯੂਕਰੇਨ ਨਾਲ ਗੱਲਬਾਤ ਦੇ ਅਧੀਨ, ਬਾਂਡ ਤੋਂ ਹੋਣ ਵਾਲੀ ਕਮਾਈ ਦੇ ਬਰਾਬਰ ਦੀ ਰਕਮ ਯੂਕਰੇਨ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਪ੍ਰਸ਼ਾਸਿਤ ਖਾਤੇ ਦੁਆਰਾ ਯੂਕਰੇਨ ਨੂੰ ਟਰਾਂਸਫਰ ਕੀਤੀ ਜਾਵੇਗੀ।