ਹਰ ਵਰ੍ਹੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇ ਰਹੇ ਕੈਨੇਡਾ ਨੇ ਅਗਲੇ ਸਾਲ ਦੇ ਅੰਤ ਅੱਕ 3 ਲੱਖ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਟੀਚਾ ਮਿਥਿਆ ਹੈ ਜਿਸ ਨਾਲ ਇੰਡੀਆ ਦੇ ਵੱਡੀ ਗਿਣਤੀ ਲੋਕਾਂ ਨੂੰ ਵੀ ਲਾਭ ਮਿਲੇਗਾ। ਕੈਨੇਡਾ ਨੇ ਵਿੱਤੀ ਵਰ੍ਹੇ 2022-23 ‘ਚ ਤਿੰਨ ਲੱਖ ਲੋਕਾਂ ਨੂੰ ਮੁਲਕ ਦੀ ਨਾਗਰਿਕਤਾ ਦੇਣ ਦਾ ਟੀਚਾ ਰੱਖਿਆ ਹੈ। ਇਮੀਗਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਕਿਹਾ ਹੈ ਕਿ ਉਨ੍ਹਾਂ ਕੁੱਲ 2,85,000 ਅਰਜ਼ੀਆਂ ਦਾ ਅਮਲ ਆਰੰਭਿਆ ਹੈ ਅਤੇ 31 ਮਾਰਚ 2023 ਤੱਕ ਤਿੰਨ ਲੱਖ ਹੋਰ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਵਿਭਾਗ ਨੇ ਇਹ ਵੀ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨਾਗਰਿਕਤਾ ਲਈ ਸਾਲ ਦੇ ਅਖੀਰ ‘ਚ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਣਗੇ। ਪਿਛਲੇ ਵਿੱਤੀ ਵਰ੍ਹੇ 2021-22 ਨਾਲੋਂ ਇਹ ਗਿਣਤੀ ਬਹੁਤ ਜ਼ਿਆਦਾ ਹੈ। ਕਰੋਨਾ ਮਹਾਮਾਰੀ ਤੋਂ ਪਹਿਲਾਂ 2019-20 ਦੇ ਟੀਚਿਆਂ ਨਾਲੋਂ ਵੀ ਇਹ ਵਧ ਹੈ ਜਦੋਂ 2,53,000 ਸਿਟੀਜ਼ਨਸ਼ਿਪ ਅਰਜ਼ੀਆਂ ਦਾ ਅਮਲ ਆਰੰਭਿਆ ਗਿਆ ਸੀ। ਮਹਾਮਾਰੀ ਫੈਲਣ ਕਾਰਨ ਵਿਭਾਗ ਮਾਰਚ 2020 ‘ਚ ਅਰਜ਼ੀਆਂ ‘ਤੇ ਵਿਚਾਰ ਨਹੀਂ ਕਰ ਸਕਿਆ ਸੀ। ਮੌਜੂਦਾ ਵਿੱਤੀ ਵਰ੍ਹੇ ‘ਚ ਕੈਨੇਡਾ ਨੇ 1,16,000 ਨਵੇਂ ਨਾਗਰਿਕਾਂ ਦਾ ਸਵਾਗਤ ਕੀਤਾ ਹੈ ਅਤੇ ਉਹ ਟੀਚਾ ਹਾਸਲ ਕਰਨ ਵੱਲ ਅੱਗੇ ਵਧ ਰਿਹਾ ਹੈ। ਇਸੇ ਵਕਫ਼ੇ ਦੌਰਾਨ 2021 ‘ਚ ਸਿਰਫ਼ 35 ਹਜ਼ਾਰ ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ ਸੀ। ਉਂਜ ਮੁਲਕਾਂ ਦੇ ਹਿਸਾਬ ਨਾਲ ਨਾਗਰਿਕਤਾ ਹਾਸਲ ਕਰਨ ਵਾਲਿਆਂ ਦਾ ਕੋਈ ਅੰਕੜਾ ਨਹੀਂ ਦਿੱਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ 2022 ‘ਚ ਬਹੁਤੇ ਭਾਰਤੀਆਂ ਨੂੰ ਇਸ ਦਾ ਲਾਭ ਮਿਲਿਆ ਹੈ। ਸਾਲ 2016 ਦੀ ਰਿਪੋਰਟ ਮੁਤਾਬਕ ਕੈਨੇਡਾ ‘ਚ ਭਾਰਤੀ ਮੂਲ ਦੇ 14 ਲੱਖ ਲੋਕ ਹਨ। ਸਾਲ 2021 ‘ਚ ਕਰੀਬ ਇਕ ਲੱਖ ਭਾਰਤੀ ਆਰਜ਼ੀ ਵਿਦੇਸ਼ੀ ਵਰਕਰ ਪ੍ਰੋਗਰਾਮ ਤਹਿਤ ਕੈਨੇਡਾ ਗਏ ਸਨ ਅਤੇ ਕੌਮਾਂਤਰੀ ਗਤੀਸ਼ੀਲਤਾ ਪ੍ਰੋਗਰਾਮ ਤਹਿਤ 130,000 ਨੂੰ ਵਰਕ ਪਰਮਿਟ ਮਿਲੇ ਸਨ। ਸਾਲ 2021-22 ਦੌਰਾਨ 2,10,000 ਪੀਆਰਜ਼ ਨੇ ਵੀ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ ਸੀ। ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਉਨ੍ਹਾਂ 450,000 ਸਟੱਡੀ ਪਰਮਿਟ ਅਰਜ਼ੀਆਂ ਵੀ ਜਾਰੀ ਕੀਤੀਆਂ ਸਨ। ਕੈਨੇਡਾ ‘ਚ 622,000 ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਹਨ ਜਿਨ੍ਹਾਂ ‘ਚੋਂ ਪਿਛਲੇ ਸਾਲ 31 ਦਸੰਬਰ ਤੱਕ 217,410 ਭਾਰਤੀ ਸਨ। ਕੈਨੇਡਾ ‘ਚ ਕਾਮਿਆਂ ਦੀ ਘਾਟ ਹੋਣ ਕਾਰਨ ਆਸ ਪ੍ਰਗਟਾਈ ਜਾ ਰਹੀ ਹੈ ਕਿ ਆਉਂਦੇ ਸਾਲਾਂ ‘ਚ ਵੱਡੀ ਗਿਣਤੀ ਭਾਰਤੀ ਕੰਮ ਅਤੇ ਪੜ੍ਹਾਈ ਲਈ ਕੈਨੇਡਾ ਜਾਣਗੇ। ਆਈ.ਆਰ.ਸੀ.ਸੀ. ਦੇ ਤਾਜ਼ਾ ਅੰਕੜਿਆਂ ਮੁਤਾਬਕ ਮੁਲਕ ‘ਚ ਪਰਵਾਸੀਆਂ ਦਾ ਬੈਕਲਾਗ 26 ਲੱਖ ਹੈ।