ਦੁਨੀਆਂ ਭਰ ਦੇ ਮੁਲਕਾਂ ‘ਚ ਵੱਸਦੇ ਲੋਕਾਂ ਦੀ ਕੈਨੇਡਾ ‘ਚ ਪੱਕੇ ਤੌਰ ‘ਤੇ ਵੱਸ ਜਾਣ ਪ੍ਰਤੀ ਵਿਸ਼ੇਸ਼ ਖਿੱਚ ਹੈ ਅਤੇ ਕੈਨੇਡਾ ਵੀ ਵਿਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਦਾ ਬਾਂਹਾਂ ਖੋਲ੍ਹ ਕੇ ਸਵਾਗਤ ਕਰਦਾ ਹੈ। ਇਸ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਵੱਡੀ ਪੱਧਰ ‘ਤੇ ਪੀ.ਆਰ. ਦਿੱਤੀ ਜਾ ਰਹੀ ਹੈ। ਕੈਨੇਡਾ ਨੇ ਇਸ ਸਾਲ ਨਵੰਬਰ ਦੇ ਅੰਤ ਤੱਕ ਰਿਕਾਰਡ 48 ਲੱਖ ਆਵਾਸ ਅਰਜ਼ੀਆਂ ਪ੍ਰਕਿਰਿਆ ‘ਚੋਂ ਲੰਘਾ ਦਿੱਤੀਆਂ ਹਨ। ਆਵਾਸ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ ਇਸੇ ਸਮੇਂ ਤੱਕ 25 ਲੱਖ ਅਰਜ਼ੀਆਂ ‘ਤੇ ਵਿਚਾਰ ਦਾ ਕੰਮ ਮੁਕੰਮਲ ਕੀਤਾ ਗਿਆ ਸੀ। ਕੈਨੇਡਾ ਦੇ ਆਵਾਸ ਤੇ ਨਾਗਰਿਕਤਾ ਵਿਭਾਗ ਨੇ ਕਿਹਾ ਹੈ, ‘ਆਵਾਸ ਕੈਨੇਡਾ ਦੀ ਆਰਥਿਕਤਾ ਤੇ ਸਾਡੇ ਭਾਈਚਾਰਿਆਂ ਲਈ ਮਹੱਤਵਪੂਰਨ ਹੈ।’ ਨਵੇਂ ਆਉਣ ਵਾਲੇ ਲੋਕਾਂ ਨੇ ਸਾਡੇ ਮੁਲਕ ਦੀ ਉਸਾਰੀ ‘ਚ ਮਦਦ ਕੀਤੀ ਹੈ, ਉਹ ਮਹਾਮਾਰੀ ਦੌਰਾਨ ਅੱਗੇ ਹੋ ਕੇ ਡਟੇ ਰਹੇ ਹਨ ਤੇ ਸਾਡੀ ਸਫ਼ਲਤਾ ਦੀ ਅਹਿਮ ਕੜੀ ਰਹੇ ਹਨ।’ ਆਵਾਸ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਸਰਕਾਰ ਮਹਾਮਾਰੀ ਦਾ ਬੈਕਲਾਗ ਕੱਢਣ ‘ਚ ਲੱਗੀ ਹੋਈ ਹੈ। ਇਸ ਨੂੰ ਕਰੀਬ ਪੰਜ ਲੱਖ ਤੱਕ ਘਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਨਵੰਬਰ ਤੱਕ ਆਈ.ਆਰ.ਸੀ.ਸੀ. ਨੇ 6,70,000 ਤੋਂ ਵੱਧ ਸਟੱਡੀ ਪਰਮਿਟ ਪ੍ਰਕਿਰਿਆ ‘ਚੋਂ ਲੰਘਾਏ ਹਨ। ਇਸੇ ਦੌਰਾਨ ਕਰੀਬ ਸੱਤ ਲੱਖ ਵਰਕ ਪਰਮਿਟ ਦੀਆਂ ਅਰਜ਼ੀਆਂ ਉਤੇ ਵੀ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹੀਨਾਵਾਰ ਵਿਭਾਗ ਹੁਣ ਜ਼ਿਆਦਾ ਵਿਜ਼ਿਟਰ ਵੀਜ਼ਾ ਅਰਜ਼ੀਆਂ ਉਤੇ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਸੰਨ 2021 ‘ਚ ਰਿਕਾਰਡ 4,05,000 ਨਵੇਂ ਪੱਕੀ ਰਿਹਾਇਸ਼ (ਪੀ.ਆਰ.) ਧਾਰਕ ਪਹੁੰਚੇ ਹਨ। ਇਸ ਸਾਲ ਹੋਰ ਵੱਧ ਲੋਕਾਂ ਨੂੰ ਸੱਦਣ ਦਾ ਟੀਚਾ ਮਿੱਥਿਆ ਗਿਆ ਹੈ। ਵਿਭਾਗ ਨੇ ਅਰਜ਼ੀਆਂ ਨੂੰ ਡਿਜੀਟਲ ਰੂਪ ਦਿੱਤਾ ਹੈ, ਨਵੇਂ ਮੁਲਾਜ਼ਮ ਰੱਖੇ ਗਏ ਹਨ, ਪ੍ਰਕਿਰਿਆ ਨੂੰ ਕਾਰਗਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਆਟੋਮੇਸ਼ਨ ਤਕਨੀਕ ਦਾ ਵੀ ਸਹਾਰਾ ਲਿਆ ਗਿਆ ਹੈ।