ਕੈਨੇਡਾ ਨੇ ਮੁਲਕ ‘ਚ ਖਣਨ ਕਾਰੋਬਾਰ ਨਾਲ ਜੁੜੀਆਂ ਤਿੰਨ ਚੀਨੀ ਕੰਪਨੀਆਂ ਨੂੰ ਲਿਥੀਅਮ ਮਾਈਨਿੰਗ ਅਸਾਸੇ ਵੇਚਣ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਕਿਹਾ ਕਿ ਕਿਸੇ ਵੀ ਅਕਾਰ ਦੇ ਨਿਵੇਸ਼ ਨੂੰ ‘ਵਿਸ਼ੇਸ਼ ਅਧਾਰ’ ਉੱਤੇ ਪ੍ਰਵਾਨਗੀ ਦਿੱਤੀ ਜਾਵੇਗੀ। ਕੈਨੇਡਾ ਸਰਕਾਰ ਨੇ ਬੈਟਰੀਆਂ ਤੇ ਹੋਰ ਹਾਈਟੈੱਕ ਉਤਪਾਦਾਂ ‘ਚ ਇਸਤੇਮਾਲ ਹੁੰਦੀਆਂ ‘ਅਹਿਮ ਧਾਤਾਂ’ ਦੀ ਸਪਲਾਈ ‘ਚ ਲੱਗੀਆਂ ਵਿਦੇਸ਼ੀ ਕੰਪਨੀਆਂ ਲਈ ਬੰਦਿਸ਼ਾਂ ਨਿਰਧਾਰਿਤ ਕੀਤੀਆਂ ਹਨ। ਕੈਨੇਡਾ ਨੇ ਇਹ ਹੁਕਮ ਅਜਿਹੇ ਮੌਕੇ ਕੀਤੇ ਹਨ ਜਦੋਂ ਲਿਥੀਅਮ, ਕੈਡਮੀਅਮ ਤੇ ਹੋਰ ਧਾਤਾਂ, ਜੋ ਮੋਬਾਈਲ ਫੋਨਾਂ, ਵਿੰਡ ਟਰਬਾਈਨਾਂ, ਸੂਰਜੀ ਸੈੱਲਾਂ, ਬਿਜਲਈ ਕਾਰਾਂ ਤੇ ਹੋਰ ਉਭਰਦੀਆਂ ਤਕਨੀਕਾਂ ‘ਚ ਵਰਤੀਆਂ ਜਾਂਦੀਆਂ ਹਨ, ਦੇ ਸੋਮਿਆਂ ‘ਤੇ ਕੰਟਰੋਲ ਨੂੰ ਲੈ ਕੇ ਪੱਛਮੀ ਮੁਲਕਾਂ ਤੇ ਚੀਨ ਵਿਚਾਲੇ ਤਲਖੀ ਜਾਰੀ ਹੈ। ਖਣਨ ਦੇ ਕੰਮ ‘ਚ ਲੱਗੀਆਂ ਚੀਨੀ ਕੰਪਨੀਆਂ ਅਫ਼ਰੀਕਾ, ਲਾਤੀਨੀ ਅਮਰੀਕਾ, ਕੈਨੇਡਾ ਤੇ ਹੋਰਨਾਂ ਥਾਵਾਂ ‘ਤੇ ਉਤਪਾਦਨ ‘ਚ ਨਿਵੇਸ਼ ਕਰ ਰਹੀਆਂ ਹਨ ਕਿਉਂਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਵੱਲੋਂ ਬਿਜਲਈ ਕਾਰ, ਸਵੱਛ ਊਰਜਾ ਤੇ ਹੋਰ ਟੈੱਕ ਇੰਡਸਟਰੀਜ਼ ਨੂੰ ਵਿਕਸਤ ਕਰਨ ਲਈ ਲਗਾਤਾਰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਨੋਵੇਸ਼ਨ ਮੰਤਰੀ ਫਰਾਂਸਿਸ ਫਿਲਿਪ ਸ਼ੈਂਪੇਨ ਨੇ ਪਿਛਲੇ ਹਫ਼ਤੇ ‘ਅਹਿਮ ਧਾਤਾਂ’ ਦੇ ਖਣਨ/ਉਤਪਾਦਨ ‘ਚ ਲੱਗੀਆਂ ਵਿਦੇਸ਼ੀ ਮਾਲਕੀ ਵਾਲੀਆਂ ਕੰਪਨੀਆਂ ‘ਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਕਿਸੇ ਵੀ ਅਕਾਰ ਦੇ ਨਿਵੇਸ਼ ਨੂੰ ‘ਵਿਸ਼ੇਸ਼ ਅਧਾਰ’ ਉੱਤੇ ਹੀ ਪ੍ਰਵਾਨਗੀ ਦਿੱਤੀ ਜਾਵੇਗੀ। ਚੀਨ ਨੇ ਕੈਨੇਡਾ ਸਰਕਾਰ ਵੱਲੋਂ ਜਾਰੀ ਹੁਕਮਾਂ ਨੂੰ ਮਾਰਕੀਟ ਸਿਧਾਂਤਾਂ ਦੀ ਖ਼ਿਲਾਫ਼ਵਰਜ਼ੀ ਕਰਾਰ ਦਿੱਤਾ ਹੈ। ਚੀਨ ਨੇ ਕੈਨੇਡਾ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਦਾ ਸੱਦਾ ਦਿੱਤਾ ਹੈ।