ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਕੈਨੇਡਾ ਰਹਿੰਦੇ ਖਾਲਿਸਤਾਨ ਟਾਈਗਰ ਫੌਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ’ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਨਿੱਝਰ ਦੀ ਅਗਵਾਈ ’ਚ ਚੱਲ ਰਹੀ ਖਾਲਿਸਤਾਨ ਟਾਈਗਰ ਫੋਰਸ ਦੁਆਰਾ ਜਲੰਧਰ ’ਚ ਇਕ ਹਿੰਦੂ ਪੁਜਾਰੀ ਨੂੰ ਮਾਰਨ ਲਈ ਰਚੀ ਗਈ ਸਾਜ਼ਿਸ਼ ’ਚ ਉਸ ਦੀ ਤਲਾਸ਼ ਹੈ। ਨਿੱਝਰ ਕਈ ਮਾਮਲਿਆਂ ’ਚ ਲੋਡ਼ੀਂਦਾ ਹੈ। ਉਸ ਖ਼ਿਲਾਫ਼ ਪਿਛਲੇ ਸਾਲਾਂ ਦੌਰਾਨ ਕਈ ਮਾਮਲੇ ਦਰਜ ਕੀਤੇ ਗਏ ਹਨ। ਸਾਲ 2018 ’ਚ ਜਸਟਿਨ ਟਰੂਡੋ ਜਦੋਂ ਇੰਡੀਆ ਦਾ ਦੌਰਾ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਸੌਂਪੀ ਗਈ ਸੀ ਜਿਸ ’ਚ ਨਿੱਝਰ ਦਾ ਨਾਂ ਵੀ ਸ਼ਾਮਲ ਸੀ। ਸਤੰਬਰ 2020 ’ਚ ਨਿੱਝਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨਿਆ ਸੀ। ਭਾਰਤੀ ਏਜੰਸੀਆਂ ਕਈ ਮਾਮਲਿਆਂ ’ਚ ਪੰਜਾਬ ਛੱਡ ਕੇ ਕੈਨੇਡਾ ’ਚ ਬੈਠੇ ਨਿੱਝਰ ਨੂੰ ਲੱਭ ਰਹੀਆਂ ਹਨ। ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜਲੰਧਰ ਦੇ ਪਿੰਡ ਭਾਰਸਿੰਘਪੁਰਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਕੈਨੇਡਾ ਦੇ ਸਰੀ ’ਚ ਰਹਿ ਰਿਹਾ ਹੈ ਤੇ ਉਥੋਂ ਹੀ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਹੈ। ਉਸ ’ਤੇ ਦੋਸ਼ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੰਜਾਬ ’ਚ ਖਾਲਿਸਤਾਨ ਟੈਰਰ ਫੋਰਸ ਦਾ ਮਾਡਿਊਲ ਖਡ਼੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਸਾਲ 2020 ’ਚ ਇੰਡੀਆ ਸਰਕਾਰ ਨੇ ਪੰਜਾਬ ’ਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ੀ ਖਾਲਿਸਤਾਨ ਪੱਖੀ ਸੰਗਠਨ ਦੇ 9 ਲੋਕਾਂ ਨੂੰ ਅੱਤਵਾਦੀ ਐਲਾਨਿਆ ਸੀ। ਸਰਕਾਰ ਨੇ ਇਹ ਕਾਰਵਾਈ ਖਾਲਿਸਤਾਨ ਦੇ ਸਮਰਥਕਾਂ ’ਤੇ ਅੱਤਵਾਦ ਵਿਰੋਧੀ ਐਕਟ ਤਹਿਤ ਕੀਤੀ ਹੈ। ਇਹ 9 ਖਾਲਿਸਤਾਨੀ ਅੱਤਵਾਦੀ ਪਾਕਿਸਤਾਨ ਸਮੇਤ 5 ਹੋਰ ਦੇਸ਼ਾਂ ’ਚ ਬੈਠੇ ਇੰਡੀਆ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹਨ। ਇਨ੍ਹਾਂ ’ਚ ਹਰਦੀਪ ਸਿੰਘ ਨਿੱਝਰ ਦਾ ਨਾਂ ਵੀ ਸ਼ਾਮਲ ਸੀ। ਹਰਦੀਪ ਸਿੰਘ ਨਿੱਝਰ ਦਾ ਨਾਂ 2010 ’ਚ ਉਦੋਂ ਸਾਹਮਣੇ ਆਇਆ ਜਦੋਂ ਪਟਿਆਲਾ ’ਚ ਸੱਤਿਆ ਨਾਰਾਇਣ ਮੰਦਰ ਨੇਡ਼ੇ ਹੋਏ ਬੰਬ ਧਮਾਕੇ ’ਚ ਉਸ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਸਾਲ 2016 ’ਚ ਨਿੱਝਰ ਖ਼ਿਲਾਫ਼ ਲੁਧਿਆਣਾ ’ਚ ਹਿੰਸਾ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਭਡ਼ਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਆਗੂ ਨਿੱਝਰ ਇੰਡੀਆ ’ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਨਾਲ ਸਬੰਧਤ ਦੱਸਿਆ ਗਿਆ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਹਰਦੀਪ ਸਿੰਘ ਨੂੰ ਇਨਾਮੀ ਅਪਰਾਧੀ ਐਲਾਨਦਿਆਂ ਨੋਟਿਸ ’ਚ ਲਿਖਿਆ ਹੈ ਕਿ ਭਾਰਤ ਖਾਸ ਕਰਕੇ ਪੰਜਾਬ ’ਚ ਖਾਲਿਸਤਾਨੀ ਗਤੀਵਿਧੀਆਂ ਚੱਲ ਰਹੀਆਂ ਹਨ। ਉਨ੍ਹਾਂ ’ਚ ਇਸ ਦੀ ਸ਼ਮੂਲੀਅਤ ਹੈ। ਏਜੰਸੀ ਨੇ ਕਿਹਾ ਕਿ ਇਹ ਕੈਨੇਡਾ ’ਚ ਬੈਠੇ ਪੈਸੇ ਦੇ ਜ਼ੋਰ ’ਤੇ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਹੈ। ਪੰਜਾਬ ਦੇ ਫਿਲੌਰ ਦੇ ਪਿੰਡ ਭਾਰਸਿੰਘਪੁਰਾ ’ਚ ਇਕ ਮੰਦਰ ਦੇ ਪੁਜਾਰੀ ’ਤੇ ਗੋਲੀਬਾਰੀ ਦੇ ਮਾਮਲੇ ’ਚ ਐੱਨ.ਆਈ.ਏ. ਵੱਲੋਂ ਅਦਾਲਤ ’ਚ ਪੇਸ਼ ਕੀਤੀ ਗਈ ਚਾਰਜਸ਼ੀਟ ’ਚ ਕਈ ਅਹਿਮ ਖੁਲਾਸੇ ਹੋਏ ਹਨ। ਚਾਰਜਸ਼ੀਟ ’ਚ ਖੁਲਾਸਾ ਕੀਤਾ ਗਿਆ ਸੀ ਕਿ ਪੰਜਾਬ ’ਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭਡ਼ਕਾਉਣ ਅਤੇ ਪੰਜਾਬ ਦਾ ਫਿਰਕੂ ਮਾਹੌਲ ਖਰਾਬ ਕਰਨ ਲਈ ਵਿਦੇਸ਼ਾਂ ’ਚ ਬੈਠੇ ਖਾਲਿਸਤਾਨੀਆਂ ਨੇ ਹਿੰਦੂ ਨੌਜਵਾਨਾਂ ਨੂੰ ਹੀ ਪੈਸੇ ਦੇ ਕੇ ਮੰਦਰ ਦੇ ਇਕ ਹਿੰਦੂ ਪੁਜਾਰੀ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਹ ਸਾਰੀ ਕਾਰਵਾਈ ਕੈਨੇਡਾ ਬੈਠੇ ਦੋ ਖਾਲਿਸਤਾਨੀ ਸਮਰਥਕਾਂ ਅਰਸ਼ਦੀਪ ਸਿੰਘ ਅਰਸ਼ ਉਰਫ਼ ਪਵਿੱਤਰ ਅਤੇ ਹਰਦੀਪ ਸਿੰਘ ਨਿੱਝਰ ਵੱਲੋਂ ਕੀਤੀ ਗਈ। ਹਰਦੀਪ ਸਿੰਘ ਉਸੇ ਪਿੰਡ ਦਾ ਰਹਿਣ ਵਾਲਾ ਹੈ ਜਿੱਥੇ ਪੁਜਾਰੀ ਨੂੰ ਗੋਲੀ ਮਾਰੀ ਗਈ ਸੀ। ਇਹ ਸਾਰੀ ਯੋਜਨਾ ਹਰਦੀਪ ਸਿੰਘ ਨੇ ਆਪਣੇ ਖਾਲਿਸਤਾਨ ਪੱਖੀ ਸਾਥੀ ਅਰਸ਼ਦੀਪ ਨਾਲ ਮਿਲ ਕੇ ਬਣਾਈ ਸੀ।