ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਦਿੱਲੀ ਪੁਲੀਸ ਨੇ ਗੈਂਗਸਟਰਾਂ ਸਮੇਤ ਕਈ ਹੋਰਨਾਂ ਖ਼ਿਲਾਫ਼ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਤਹਿਤ ਦੋ ਕੇਸ ਦਰਜ ਕੀਤੇ ਹਨ। ਇਹ ਕੇਸ ਆਮ ਤੌਰ ‘ਤੇ ਅੱਤਵਾਦੀ ਕਾਰਵਾਈਆਂ ਕਰਨ ‘ਤੇ ਦਰਜ ਕੀਤਾ ਜਾਂਦਾ ਹੈ। ਇਸ ਸੂਚੀ ‘ਚ ਦਿੱਲੀ ਦੇ ਗੈਂਗਸਟਰ ਵੀ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਇਹ ਕਦਮ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ, ਜੋ ਕਈ ਅੱਤਵਾਦੀ ਸੰਗਠਨਾਂ ਦੇ ਸੰਪਰਕ ‘ਚ ਹਨ। ਪਤਾ ਲੱਗਾ ਹੈ ਕਿ ਦਿੱਲੀ ਪੁਲੀਸ ਨੇ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਵਿਕਰਮ ਬਰਾੜ ਦੇ ਨਾਲ-ਨਾਲ ਉਨ੍ਹਾਂ ਦੇ ਵਿਰੋਧੀ ਗਰੋਹ ਦੇ ਮੈਂਬਰਾਂ ਦਵਿੰਦਰ ਬੰਬੀਹਾ, ਕੌਸ਼ਲ ਚੌਧਰੀ, ਨੀਰਜ ਬਵਾਨਾ, ਸੁਨੀਲ ਉਰਫ਼ ਟਿੱਲੂ ਤਾਜਪੁਰੀਆ, ਦਿਲਪ੍ਰੀਤ ਅਤੇ ਸੁਖਪ੍ਰੀਤ ਉਰਫ ਬੁੱਢਾ ਖਿਲਾਫ ਯੂ.ਏ.ਪੀ.ਏ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸੂਚੀ ‘ਚ ਭਗੌੜਾ ਅੱਤਵਾਦੀ ਹਰਵਿੰਦਰ ਰਿੰਦਾ ਵੀ ਸ਼ਾਮਲ ਹੈ। ਪੁਲੀਸ ਵੱਲੋਂ ਇਸ ਮਾਮਲੇ ‘ਚ ਦੋ ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ। ਇਹ ਪਰਚਾ ਭਾਵੇਂ ਕਿ ਦਿੱਲੀ ਪੁਲੀਸ ਵਲੋਂ ਦਰਜ ਕੀਤਾ ਗਿਆ ਹੈ ਪਰ ਇਸ ਸਬੰਧੀ ਮਾਨਸਾ ਦੇ ਐੱਸ.ਐੱਸ.ਪੀ. ਗੌਰਵ ਤੂਰਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮ ‘ਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸਮੇਤ ਹੋਰਨਾਂ ਖ਼ਿਲਾਫ਼ ਇਹ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਵਲੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸਮੇਤ ਹੋਰਨਾਂ ਵਿਰੁੱਧ ਸਖ਼ਤ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲਿਆ ਗਿਆ ਸੀ ਅਤੇ ਥੋੜ੍ਹੇ ਦਿਨ ਪਹਿਲਾਂ ਹੀ ਉਨ੍ਹਾਂ ਨੇ ਮਾਨਸਾ ਵਿਖੇ ਇਨਸਾਫ਼ ਲਈ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ।