ਕੈਨੇਡਾ ਬੈਠ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾਡ਼ ਸਮੇਤ ਹੋਰਨਾਂ ਮੁਲਜ਼ਮਾਂ ਨੂੰ ਇੰਡੀਆ ਲਿਆਉਣ ਲਈ ਸਰਕਾਰ ਨੇ ਉਪਰਾਲੇ ਆਰੰਭੇ ਹਨ। ਸਿੱਧੂ ਮੂਸੇਵਾਲਾ ਕਤਲ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਪੰਜਾਬੀ ਗਾਇਕ ਦੇ ਕਤਲ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਦੇ ਸ਼ੂਟਰਾਂ ਤੋਂ ਬਾਅਦ ਹੁਣ ਰਾਜਸਥਾਨ ’ਚ ਫਡ਼ੇ ਗਏ ਅਰਸ਼ਦ ਖਾਨ ਦੇ ਇਸ ਮਾਮਲੇ ’ਚ ਸਿੱਧੇ ਰੂਪ ’ਚ ਜੁਡ਼ੇ ਹੋਣ ਮਗਰੋਂ ਹੋਰ ਪਰਤਾਂ ਖੁੱਲ੍ਹ ਰਹੀਆਂ ਹਨ। ਕੇਂਦਰ ਵੱਲੋਂ ਗੈਂਗਸਟਰਾਂ ਦੇ ਆਪਸੀ ਗੱਠਜੋਡ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਹੁਣ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾਡ਼ ਸਮੇਤ ਹੋਰਨਾਂ ਨੂੰ ਇੰਡੀਆ ਲਿਆਉਣ ਲਈ ਉਪਰਾਲੇ ਆਰੰਭੇ ਗਏ ਹਨ। ਪੁਲੀਸ ਅਧਿਕਾਰੀ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਮਾਮਲੇ ਲਈ ਮਾਨਸਾ ਪੁਲੀਸ ਫਡ਼ੇ ਗਏ ਸ਼ੂਟਰਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਪਰ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਕਮਾਨ ਕੌਮੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੂੰ ਸੌਂਪੀ ਗਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਮਾਰੇ ਗਏ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਸਬੰਧੀ ਜਾਂਚ ਤੋਂ ਬਾਅਦ ਪੁਲੀਸ ਨੂੰ ਪਤਾ ਲੱਗਾ ਹੈ ਕਿ ਦੋਵੇਂ ਸਰਹੱਦੀ ਖੇਤਰ ਨੇਡ਼ੇ ਵੀ ਗਏ ਸਨ ਤਾਂ ਕਿ ਉਹ ਪਾਕਿਸਤਾਨ ਭੱਜ ਸਕਣ। ਪੁਲੀਸ ਅਨੁਸਾਰ ਉਥੇ ਉਨ੍ਹਾਂ ਬੱਬਰ ਖਾਲਸਾ ਦੇ ਗੈਂਗਸਟਰ ਹਰਵਿੰਦਰ ਰਿੰਦਾ ਦਾ ਸਮਰਥਨ ਹਾਸਲ ਕਰਨਾ ਸੀ। ਪੁਲੀਸ ਅਧਿਕਾਰੀ ਅਨੁਸਾਰ ਕੇਂਦਰ ਲਗਾਤਾਰ ਮਾਨਸਾ ਪੁਲੀਸ ਦੇ ਸੰਪਰਕ ’ਚ ਹੈ। ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਹੁਣ ਐੱਨ.ਆਈ.ਏ. ਦੀ ਜਾਂਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਤੇ ਕੇਂਦਰਿਤ ਹੋਵੇਗੀ। ਇਨ੍ਹਾਂ ਰਾਜਾਂ ’ਚ ਜ਼ਿਆਦਾਤਰ ਗੈਂਗਸਟਰ ਸਰਗਰਮ ਹਨ। ਇਸ ਤੋਂ ਇਲਾਵਾ ਕੌਮੀ ਰਾਜਧਾਨੀ ਦਿੱਲੀ ’ਚ ਵੀ ਗੈਂਗਸਟਰਾਂ ਦੀ ਸਰਗਰਮੀ ਸਬੰਧੀ ਜਾਂਚ ਕੀਤੀ ਜਾਵੇਗੀ ਜਦਕਿ ਕੈਨੇਡਾ ’ਚ ਬੈਠੇ ਗੈਂਗਸਟਰ ਵੀ ਐੱਨ.ਆਈ.ਏ. ਦੀ ਰਾਡਾਰ ’ਤੇ ਹੋਣਗੇ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪਹਿਲਾਂ ਹੀ ਮੰਨ ਚੁੱਕੀ ਹੈ ਕਿ ਵਿਦੇਸ਼ੀ ਧਰਤੀ ’ਤੇ ਬੈਠੇ ਗੈਂਗਸਟਰ ਨੌਜਵਾਨਾਂ ਨੂੰ ਪੈਸੇ ਦੇ ਕੇ ਉਥੇ ਵਸਣ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਹਿੰਸਕ ਕਾਰਵਾਈਆਂ ਕਰਵਾ ਰਹੇ ਹਨ।