ਕੈਨੇਡਾ ’ਚ ਪੁਲੀਸ ਨੇ 11 ਵਿਅਕਤੀਆਂ ਦੀ ਪਛਾਣ ਕਰਦੇ ਹੋਏ ਜਨਤਕ ਚਿਤਾਵਨੀ ਜਾਰੀ ਕੀਤੀ ਹੈ ਜਿਨ੍ਹਾਂ ਵਿੱਚੋਂ 9 ਪੰਜਾਬੀ ਮੂਲ ਦੇ ਹਨ, ਜੋ ਕਿ ਗੈਂਗ ਹਿੰਸਾ ਦੇ ਅਤਿਅੰਤ ਗੰਭੀਰ ਪੱਧਰਾਂ ਨਾਲ ਜੁਡ਼ੇ ਹੋਏ ਹਨ। ਪੁਲੀਸ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਨੇਡ਼ੇ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ ਵੈਨਕੂਵਰ ਪੁਲੀਸ ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ ਨਾਲ ਸਾਂਝੇਦਾਰੀ ’ਚ ਜਨਤਕ ਚਿਤਾਵਨੀ ਜਾਰੀ ਕੀਤੀ। ਇਸ ਜਨਤਕ ਸੁਰੱਖਿਆ ਚਿਤਾਵਨੀ ’ਚ 11 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜੋ ਗੈਂਗ ਸੰਘਰਸ਼ਾਂ ’ਚ ਚੱਲ ਰਹੀ ਸ਼ਮੂਲੀਅਤ ਅਤੇ ਹਿੰਸਾ ਦੇ ਅਤਿਅੰਤ ਪੱਧਰਾਂ ਨਾਲ ਜੁਡ਼ੇ ਹੋਣ ਕਾਰਨ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖਤਰਾ ਬਣਦੇ ਹਨ। ਇਸ ਸੂਚੀ ’ਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸਮਰਾ (35) ਬਰਿੰਦਰ ਧਾਲੀਵਾਲ (39) ਐਂਡੀ ਸੇਂਟ ਪੀਅਰੇ (40) ਗੁਰਪ੍ਰੀਤ ਧਾਲੀਵਾਲ (35) ਰਿਚਰਡ ਜੋਸਫ਼ ਵਿਟਲੌਕ (40), ਅਮਰੂਪ ਗਿੱਲ (29), ਸੁਖਦੀਪ ਪੰਸਲ (33) ਅਤੇ ਸੁਮਦੀਸ਼ ਗਿੱਲ (28) ਦੇ ਨਾਂ ਸ਼ਾਮਲ ਹਨ। ਪੁਲੀਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਨਾਲ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਜੋਖਮ ’ਚ ਪਾ ਸਕਦਾ ਹੈ। ਵੈਨਕੂਵਰ ਪੁਲੀਸ ਏਜੰਸੀਆਂ ਨੇ ਇਨ੍ਹਾਂ ਲੋਕਾਂ ਦਾ ਵਿਚਕਾਰਲਾ ਨਾਂ ਨਹੀਂ ਲਿਖਿਆ। ਇਕ ਸਾਂਝੀ ਪ੍ਰੈਸ ਕਾਨਫਰੰਸ ’ਚ ਸਹਾਇਕ ਕਮਾਂਡਰ ਮੈਨੀ ਮਾਨ ਨੇ ਕਿਹਾ ਕਿ ਇਕ ਮੌਕਾ ਹੈ ਕਿ ਵਿਰੋਧੀ ਗੈਂਗਸਟਰ ਸੂਚੀਬੱਧ ਵਿਅਕਤੀਆਂ ਨੂੰ ਹਿੰਸਾ ਨਾਲ ਨਿਸ਼ਾਨਾ ਬਣਾਉਣਗੇ ਅਤੇ ਕਿਹਾ ਕਿ ਸੂਚੀਬੱਧ ਆਦਮੀ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ-ਨਾਲ ਆਸ ਪਾਸ ਦੇ ਲੋਕਾਂ ਲਈ ਖ਼ਤਰੇ ’ਚ ਹਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਉਨ੍ਹਾਂ ਦੇ ਚਿਹਰਿਆਂ ਨੂੰ ਜਾਣ ਲੈਣ। ਮਾਨ ਨੇ ਉਨ੍ਹਾਂ ਦੀਆਂ ਕਥਿਤ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵਾਹਨਾਂ ਸਮੇਤ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦਾ ਵਾਅਦਾ ਕੀਤਾ। ਇਹ ਚਿਤਾਵਨੀ ਪਿਛਲੇ ਸਾਲ 11 ਵਿਅਕਤੀਆਂ ਦੀ ਸੂਚੀ ’ਚ ਸ਼ਾਮਲ ਮਨਿੰਦਰ ਧਾਲੀਵਾਲ ਦੀ ਪਿਛਲੇ ਮਹੀਨੇ ਦੇ ਅਖੀਰ ’ਚ ਵਿਸਲਰ ’ਚ ਦਿਨ-ਦਿਹਾਡ਼ੇ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਆਈ ਹੈ। ਪੁਲੀਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੈਨਕੂਵਰ ਦੇ ਕੋਲ ਹਾਰਬਰ ਇਲਾਕੇ ’ਚ ਉਸ ਦੇ ਭਰਾ ਹਰਪ੍ਰੀਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਕ ਹੋਰ 35 ਸਾਲਾ ਭਰਾ ਬਰਿੰਦਰ ਧਾਲੀਵਾਲ ਇਸ ਸਾਲ ਦੀ ਸੂਚੀ ’ਚ ਹੈ। ਇਸ ਦੌਰਾਨ ਵੈਨਕੂਵਰ ਪੁਲੀਸ ਦੇ ਨੁਮਾਇੰਦੇ ਨੇ ਖੁਲਾਸਾ ਕੀਤਾ ਕਿ ਸੂਬੇ ਦਾ ਸਭ ਤੋਂ ਵੱਡਾ ਪੁਲੀਸ ਵਿਭਾਗ ਇਸ ਸਮੱਸਿਆ ਨਾਲ ਨਜਿੱਠਣ ਲਈ ਗੁਪਤ ਕੰਮ ਕਰ ਰਿਹਾ ਹੈ।ਡਿਪਟੀ ਚੀਫ ਫਿਓਨਾ ਵਿਲਸਨ ਨੇ ਕਿਹਾ, ‘ਮੈਂ ਜਾਣਦਾ ਹਾਂ ਕਿ ਇਹ ਜਨਤਾ ਲਈ ਨਿਰਾਸ਼ਾਜਨਕ ਹੋ ਸਕਦਾ ਹੈ ਜਦੋਂ ਉਹ ਆਪਣੇ ਭਾਈਚਾਰਿਆਂ ’ਚ ਹਿੰਸਾ ਦੀਆਂ ਘਟਨਾਵਾਂ ਬਾਰੇ ਸੁਣਦੇ ਹਨ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਨ।’