ਕੈਨੇਡਾ ਦੇ ਬੈਰੀ ‘ਚ ਇਕ ਵਾਹਨ ਦੇ ਦੁਰਘਟਨਾ ਗ੍ਰਸਤ ਹੋਣ ਤੋਂ ਬਾਅਦ ਛੇ ਲੋਕ ਮਾਰੇ ਗਏ ਹਨ। ਮਰਨ ਵਾਲੇ ਸਾਰੇ ਨੌਜਵਾਨ ਸਨ ਤੇ ਇਨ੍ਹਾਂ ‘ਚ ਦੋ ਔਰਤਾਂ ਵੀ ਸ਼ਾਮਲ ਸਨ। ਬੈਰੀ ਪੁਲੀਸ ਨੇ ਕਿਹਾ ਕਿ ਉਹ ਐਤਵਾਰ ਦੁਪਹਿਰ ਦੋ ਵਜੇ ਦੇ ਕਰੀਬ ਮੈਕਕੇ ਰੋਡ ਅਤੇ ਕਾਉਂਟੀ ਰੋਡ 27 ‘ਤੇ ਹਾਦਸੇ ਵਾਲੀ ਥਾਂ ‘ਤੇ ਆਏ। ਪੁਲੀਸ ਨੇ ਕਿਹਾ, ‘ਇਹ ਲੋਕ ਸ਼ਾਮ ਤੋਂ ਲਾਪਤਾ ਹੋਏ ਛੇ ਜਣੇ ਮੰਨੇ ਜਾਂਦੇ ਹਨ।’ ਸ਼ਨੀਵਾਰ ਰਾਤ ਨੂੰ ਚਾਰ ਪੁਰਸ਼ ਅਤੇ ਦੋ ਔਰਤਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਹਾਲਾਂਕਿ ਪੁਲੀਸ ਨੇ ਕਰੈਸ਼ ਜਾਂ ਵਿਅਕਤੀਆਂ ਦੀ ਪਛਾਣ ਬਾਰੇ ਹੋਰ ਵੇਰਵੇ ਜਾਰੀ ਨਹੀਂ ਕੀਤੇ। ਪਰ ਇਕ ਫੇਸਬੁੱਕ ਪੋਸਟ ਨੇ ਛੇ ਦੀ ਪਛਾਣ ਜਰਸੀ ਮਿਸ਼ੇਲ, ਹੇਲੀ ਮਾਰਿਨ, ਲਿਊਕ ਵੈਸਟ, ਕਰਟਿਸ ਕਿੰਗ, ਰਿਵਰ ਵੇਲਜ਼ ਅਤੇ ਜੇਸਨ ਓ’ਕੋਨਰ ਵਜੋਂ ਕੀਤੀ। ਟੀਮ ਨੇ ਲੂਕ ਵੈਸਟ ਨੂੰ ਸ਼ਰਧਾਂਜਲੀ ਭੇਟ ਕੀਤੀ, ਉਸ ਨੂੰ ਕਲੱਬ ਦੇ ਸਭ ਤੋਂ ‘ਪਿਆਰੇ ਖਿਡਾਰੀਆਂ ਅਤੇ ਕੋਚਾਂ’ ਵਿੱਚੋਂ ਇਕ ਕਿਹਾ। ਟੀਮ ਨੇ ਇਕ ਇੰਸਟਾਗ੍ਰਾਮ ਪੋਸਟ ‘ਚ ਕਿਹਾ, ‘ਵੈਸਟੀ- ਤੁਹਾਡੇ ਟੀਮ ਦੇ ਸਾਥੀਆਂ, ਕੋਚਾਂ ਅਤੇ ਜਿਨ੍ਹਾਂ ਨੌਜਵਾਨਾਂ ਨੂੰ ਤੁਸੀਂ ਕੋਚ ਕੀਤਾ ਹੈ, ‘ਤੇ ਜੋ ਪ੍ਰਭਾਵ ਪਿਆ ਹੈ, ਉਹ ਬਹੁਤ ਜ਼ਿਆਦਾ ਹੈ।’ ਬੈਰੀ ਦੇ ਮੇਅਰ ਜੈਫ ਲੇਹਮੈਨ ਨੇ ਇਸ ਨੂੰ ਹੈਰਾਨ ਕਰਨ ਵਾਲੀ ਅਤੇ ਭਿਆਨਕ ਤ੍ਰਾਸਦੀ ਕਰਾਰ ਦਿੱਤਾ ਹੈ। ‘ਇਕ ਮਾਤਾ ਜਾਂ ਪਿਤਾ ਹੋਣ ਦੇ ਨਾਤੇ ਇਹ ਸਭ ਤੋਂ ਭੈੜਾ ਸੁਪਨਾ ਹੈ। ਸਾਡੇ ਸ਼ਹਿਰ ਦੇ ਛੇ ਪਰਿਵਾਰ ਜੋ ਅੱਜ ਸਵੇਰੇ ਤਬਾਹ ਹੋ ਗਏ ਹਨ, ਉਨ੍ਹਾਂ ਨੂੰ ਸਾਡੇ ਸਾਰਿਆਂ ਦੀ ਹਮਦਰਦੀ ਅਤੇ ਸਹਾਇਤਾ ਦੀ ਲੋੜ ਹੈ’, ਉਨ੍ਹਾਂ ਇਕ ਟਵੀਟ ‘ਚ ਕਿਹਾ। ਸੜਕ ਹਾਦਸੇ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਪਰ ਪੁਲੀਸ ਜਾਂਚ ਮੁਕੰਮਲ ਹੋਣ ਤੋਂ ਬਾਅਦ ਇਸ ਬਾਰੇ ਵੀ ਖੁਲਾਸਾ ਹੋਵੇਗਾ।