ਸਟੈਟਿਸਟਿਕਸ ਕੈਨੇਡਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਦੇਸ਼ ਦੀ ਆਬਾਦੀ 2021 ‘ਚ 38.2 ਮਿਲੀਅਨ ਤੋਂ ਵੱਧ ਕੇ 2043 ‘ਚ 52.5 ਮਿਲੀਅਨ ਅਤੇ 2068 ‘ਚ 74 ਮਿਲੀਅਨ ਦੇ ਵਿਚਕਾਰ ਹੋ ਸਕਦੀ ਹੈ। ਇਸ ਤਰ੍ਹਾਂ 2068 ਤੱਕ ਕੈਨੇਡਾ ਦੀ ਆਬਾਦੀ ਦੁੱਗਣੀ ਹੋ ਕੇ 74 ਮਿਲੀਅਨ ਤੱਕ ਪਹੁੰਚਣ ਦੇ ਆਸਾਰ ਹਨ। ਰਾਸ਼ਟਰੀ ਅੰਕੜਾ ਏਜੰਸੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਂਝ ਖੇਤਰਫਲ ਦੇ ਹਿਸਾਬ ਨਾਲ ਕੈਨੇਡਾ ਬਹੁਤ ਵੱਡਾ ਮੁਲਕ ਹੈ ਜਦਕਿ ਇਸ ਦੀ ਆਬਾਦੀ ਖੇਤਰਫਲ ਦੇ ਮੁਕਾਬਲੇ ਬਹੁਤ ਘੱਟ ਹੈ। ਇਕ ਮੱਧਮ-ਵਿਕਾਸ ਦੇ ਦ੍ਰਿਸ਼ ‘ਚ ਕੈਨੇਡਾ ਦੀ ਆਬਾਦੀ 2043 ‘ਚ 47.8 ਮਿਲੀਅਨ ਅਤੇ 2068 ‘ਚ 56.5 ਮਿਲੀਅਨ ਤੱਕ ਪਹੁੰਚ ਜਾਵੇਗੀ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਆਬਾਦੀ ਦੇ ਵਾਧੇ ਦਾ ਮੁੱਖ ਕਾਰਕ ਇਮੀਗ੍ਰੇਸ਼ਨ ਬਣੇ ਰਹਿਣ ਦੀ ਉਮੀਦ ਹੈ ਅਤੇ ਆਉਣ ਵਾਲੇ ਸਾਲਾਂ ‘ਚ ਕੁਦਰਤੀ ਵਾਧਾ ਘਟੇਗਾ। ਇਸ ‘ਚ ਕਿਹਾ ਗਿਆ ਹੈ ਕਿ 2020 ‘ਚ ਪ੍ਰਤੀ ਔਰਤ ਬੱਚਿਆਂ ਦੀ ਗਿਣਤੀ ਦੇਸ਼ ‘ਚ ਇਤਿਹਾਸਕ ਤੌਰ ‘ਤੇ 1.4 ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਅਨੁਮਾਨ ਅਨੁਸਾਰ ਇਹ ਕੁਦਰਤੀ ਵਾਧਾ 2049 ਅਤੇ 2058 ਦੇ ਵਿਚਕਾਰ ਸੰਖੇਪ ਸਮੇਂ ‘ਚ ਨਕਾਰਾਤਮਕ ਹੋਣ ਦੀ ਸੰਭਾਵਨਾ ਹੈ। ਆਉਣ ਵਾਲੇ ਦਹਾਕਿਆਂ ‘ਚ ਕੈਨੇਡਾ ਦੀ ਆਬਾਦੀ ਦੀ ਉਮਰ ਵੀ ਵਧਦੀ ਰਹੇਗੀ। ਇਸ ਤਰ੍ਹਾਂ ਇਕ ਮੱਧਮ-ਵਿਕਾਸ ਪ੍ਰੋਜੇਕਸ਼ਨ ਦ੍ਰਿਸ਼ ‘ਚ ਕੈਨੇਡਾ ‘ਚ ਔਸਤ ਉਮਰ 2021 ‘ਚ 41.7 ਸਾਲ ਤੋਂ ਵਧ ਕੇ 2043 ‘ਚ 44.1 ਅਤੇ 2068 ‘ਚ 45.1 ਹੋ ਜਾਵੇਗੀ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ 85 ਸਾਲ ਅਤੇ ਇਸ ਤੋਂ ਵੱਧ ਉਮਰ ਦੀ ਆਬਾਦੀ ਇਸੇ ਮਿਆਦ ‘ਚ ਤਿੰਨ ਗੁਣਾ ਤੋਂ ਵੱਧ ਹੋ ਸਕਦੀ ਹੈ ਮਤਲਬ 2021 ‘ਚ 8,71,000 ਤੋਂ 2068 ‘ਚ 3.2 ਮਿਲੀਅਨ ਹੋ ਸਕਦੀ ਹੈ।