ਕੈਨੇਡਾ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਲੈ ਕੇ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਦੀ ਅਗਵਾਈ ਹੇਠ ਇਕ ਵਫਦ ਵੱਲੋ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ ਗਈ। ਇਹ ਵਫਦ ਕੈਨੇਡੀਅਨ ਪੰਜਾਬੀਆ ਵੱਲੋਂ ਆਪਣੀਆਂ ਮੰਗਾਂ ਜਿਸ ‘ਚ ਕੈਨੇਡਾ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਮੰਗ ਸ਼ਾਮਲ ਹੈ, ਨੂੰ ਲੈ ਕੇ ਮਿਲਿਆ ਹੈ। ਇਸ ਵਫਦ ਵੱਲੋਂ ਇਕ ਮੰਗ ਪੱਤਰ ਜਿਸਨੂੰ ਕੈਨੇਡੀਅਨ ਪੰਜਾਬੀਆਂ ਵੱਲੋਂ, ਜਿਸ ‘ਚ ਕੁਲਵਿੰਦਰ ਸਿੰਘ ਛੀਨਾ, ਫਲਾਈ ਅੰਮ੍ਰਿਤਸਰ ਇਨੀਸ਼ੈਟਿਵ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਮੋਹਿਤ ਧੰਜੂ ਵੱਲੋਂ ਭੇਜਿਆ ਗਿਆ ਹੈ, ਨੂੰ ਇਕਬਾਲ ਸਿੰਘ ਲਾਲਪੁਰਾ ਨੂੰ ਦਿੱਤਾ ਗਿਆ ਹੈ। ਇਸ ਪੱਤਰ ‘ਚ ਪੰਜਾਬ ਦੇ ਏਅਰਪੋਰਟਾਂ ਨੂੰ ਕੈਨੇਡਾ ਤੋਂ ਚੱਲਣ ਵਾਲੀਆਂ ਏਅਰਲਾਈਨਜ਼ ਲਈ ਸਭ ਤੋਂ ਵੱਧ ਲਾਭਕਾਰੀ ਰੂਟਾਂ ਵਿੱਚੋਂ ਇਕ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਹਾਲ ਹੀ ‘ਚ ਕੈਨੇਡਾ ਅਤੇ ਭਾਰਤ ਦਰਮਿਆਨ ਹਵਾਈ ਆਵਾਜਾਈ ਸਮਝੌਤੇ ਵਿਚੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ ਹੈ ਜਿਸ ਬਾਰੇ ਕੈਨੇਡੀਅਨ ਟਰਾਂਸਪੋਰਟ ਮਿਨਸਟਰ ਉਮਰ ਐਲਗੈਬਰਾ ਨੇ ਭਾਰਤ ਸਰਕਾਰ ਨੂੰ ਕਸੂਰਵਾਰ ਮੰਨਿਆ ਹੈ। ਵਫਦ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਕੈਨੇਡਾ ਅਤੇ ਯੂ.ਏ.ਈ. ਸਮੇਤ ਕਈ ਹੋਰ ਦੇਸ਼ਾਂ ਤੋਂ ਸਿੱਧੀਆਂ ਉਡਾਣਾਂ ਦੀ ਆਗਿਆ ਦੇਣ ਲਈ ਦੁਵੱਲੇ ਹਵਾਈ ਸੇਵਾ ਸਮਝੌਤਿਆਂ ‘ਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਨਾਲ ਯਾਤਰੀਆਂ ਦਾ ਜੀਵਨ ਤੇ ਸਫ਼ਰ ਆਸਾਨ ਅਤੇ ਸੁਵਿਧਾਜਨਕ ਹੋ ਜਾਵੇਗਾ। ਉਥੇ ਹੀ ਅੰਮ੍ਰਿਤਸਰ ਲਈ ਧਾਰਮਿਕ ਸੈਰ-ਸਪਾਟਾ ਅਤੇ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਇਸ ਮੌਕੇ ਸੀਨੀਅਰ ਭਾਜਪਾ ਆਗੂ ਫ਼ਤਹਿਜੰਗ ਸਿੰਘ ਬਾਜਵਾ, ਮੇਜਰ ਰਵੀ ਸ਼ੇਰਗਿੱਲ, ਕੁਲਦੀਪ ਸਿੰਘ ਕਾਹਲੋਂ, ਡਾ. ਜਸਵਿੰਦਰ ਸਿੰਘ ਢਿੱਲੋਂ, ਪਰਮਿੰਦਰ ਸਿੰਘ ਗਿੱਲ, ਭੁਪਿੰਦਰਪਾਲ ਸਿੰਘ ਵਿੱਟੀ, ਬਲਵਿੰਦਰ ਸਿੰਘ ਭਿੰਦਾ ਮੌਜੂਦ ਸਨ।