ਕੈਨੇਡਾ ਅਤੇ ਚੀਨ ਵਿਚਾਲੇ ਇਕ ਵਾਰ ਫਿਰ ਤਣਾਅ ਪੈਦਾ ਹੋ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਸੋਮਵਾਰ ਨੂੰ ਇਕ ਚੀਨੀ ਡਿਪਲੋਮੈਟ ਨੂੰ ਦੇਸ਼ ‘ਚੋਂ ਕੱਢਣ ਦਾ ਫ਼ੈਸਲਾ ਲਿਆ, ਜਿਸ ‘ਤੇ ਕੈਨੇਡਾ ਦੀ ਜਾਸੂਸੀ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਉਹ ਹਾਂਗਕਾਂਗ ‘ਚ ਇਕ ਵਿਰੋਧੀ ਸੰਸਦ ਮੈਂਬਰ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਧਮਕਾਉਣ ਦੀ ਸਾਜਿਸ਼ ‘ਚ ਸ਼ਾਮਲ ਹੈ। ਜਾਣਕਾਰੀ ਮੁਤਾਬਕ ਇਹ ਤਣਾਅ ਉਦੋਂ ਪੈਦਾ ਹੋਇਆ ਜਦੋਂ ਬੀਜਿੰਗ ਦੀ ਆਲੋਚਨਾ ਕਰਨ ਵਾਲੇ ਕੈਨੇਡੀਅਨ ਸੰਸਦ ਮੈਂਬਰ ਨੂੰ ਧਮਕੀ ਦੇਣ ਦੇ ਦੋਸ਼ੀ ਚੀਨੀ ਡਿਪਲੋਮੈਟ ਨੂੰ ਕੱਢਣ ਦਾ ਫ਼ੈਸਲਾ ਲਿਆ ਗਿਆ। ਇਸ ‘ਤੇ ਗੁੱਸੇ ‘ਚ ਆਏ ਚੀਨ ਨੇ ਕੈਨੇਡਾ ‘ਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਨੇ ਇਕ ਖੁਫੀਆ ਰਿਪੋਰਟ ਤੋਂ ਬਾਅਦ ਚੀਨੀ ਡਿਪਲੋਮੈਟ ਝਾਓ ਵੇਈ ਨੂੰ ਦੇਸ਼ ‘ਚੋਂ ਕੱਢ ਦਿੱਤਾ ਹੈ। ਚੀਨੀ ਡਿਪਲੋਮੈਟ ‘ਤੇ ਰਾਜਨੀਤਕ ਦਖਲਅੰਦਾਜ਼ੀ ਅਤੇ ਕੈਨੇਡੀਅਨ ਸੰਸਦ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਹਾਲਾਂਕਿ ਚੀਨ ਨੇ ਇਕ ਦਿਨ ਪਹਿਲਾਂ ਤੱਕ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ ਸੀ ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹ ਜਵਾਬੀ ਕਾਰਵਾਈ ਕਰਨ ਦੇ ਮੂਡ ‘ਚ ਹੈ। ਕਿਹਾ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ਹੋਰ ਵਿਗੜ ਸਕਦੇ ਹਨ। ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਟੋਰਾਂਟੋ ਸਥਿਤ ਚੀਨੀ ਡਿਪਲੋਮੈਟ ਝਾਓ ਵੇਈ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਅੰਦਰੂਨੀ ਮਾਮਲਿਆਂ ‘ਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਕੈਨੇਡਾ ‘ਚ ਡਿਪਲੋਮੈਟਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਅਜਿਹਾ ਵਿਵਹਾਰ ਕੀਤਾ ਤਾਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ। ਖੁਫੀਆ ਸੇਵਾ ਅਨੁਸਾਰ ਚੀਨ ਨੇ 2019 ਅਤੇ 2021 ‘ਚ ਕੈਨੇਡੀਅਨ ਫੈਡਰਲ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਮਾਈਕਲ ਚੋਂਗ ਵਾਰ-ਵਾਰ ਝਾਓ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਿਹਾ ਸੀ। ਇਸ ਦੌਰਾਨ ਚੀਨ ਨੇ ਇਸ ਕਾਰਵਾਈ ਦਾ ਬਦਲਾ ਲੈਂਦਿਆਂ ਦੇਸ਼ ਵਿਚਲੇ ਕੈਨੇਡੀਅਨ ਡਿਪਲੋਮੈਟ ਨੂੰ ਕੱਢਣ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਕੈਨੇਡਾ ਦੀ ਕਾਰਵਾਈ ਦਾ ਮੋੜਵਾਂ ਜੁਆਬ ਦੇਣ ਦਾ ਹੱਕ ਰੱਖਦਾ ਹੈ। ਸ਼ੰਘਾਈ ਦੇ ਵਪਾਰਕ ਕੇਂਦਰ ‘ਚ ਸਥਿਤ ਕੈਨੇਡੀਅਨ ਡਿਪਲੋਮੈਟ ਨੂੰ 13 ਮਈ ਤੱਕ ਚੀਨ ਛੱਡਣ ਲਈ ਕਿਹਾ ਗਿਆ ਹੈ।