ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਫੌਰੀ ਬਾਅਦ ਫੇਸਬੁੱਕ ’ਤੇ ਸਭ ਤੋਂ ਪਹਿਲਾਂ ਇਸ ਦੀ ਜ਼ਿੰਮੇਵਾਰੀ ਲੈਣ ਕਰਕੇ ਚਰਚਾ ’ਚ ਆਏ ਗੋਲਡੀ ਬਰਾਡ਼ ਨੂੰ ਕੈਨੇਡਾ ਤੋਂ ਇੰਡੀਆ ਲਿਆਉਣ ਲਈ ਪੰਜਾਬ ਪੁਲੀਸ ਯਤਨਸ਼ੀਲ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਕੈਨੇਡਾ ਸਥਿਤ ਗੋਲਡੀ ਬਰਾਡ਼ ਦੀ ਹਵਾਲਗੀ ਲਈ ਯਤਨ ਕਰ ਰਹੀ ਹੈ। ਗੋਲਡੀ ਬਰਾਡ਼ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅੰਮ੍ਰਿਤਸਰ ’ਚ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰਾਂ ਕੋਲੋਂ ਬਰਾਮਦ ਹੋਈ ਇਹ ਉਹੀ ਏ.ਕੇ.-47 ਰਾਈਫਲ ਹੈ, ਜੋ ਗਾਇਕ ਦੀ ਹੱਤਿਆ ’ਚ ਵਰਤੀ ਗਈ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮੌਕੇ ਤੋਂ ਮਿਲੇ ਹਥਿਆਰ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਮਾਰੇ ਗਏ ਗੈਂਗਸਟਰ ਪਾਕਿਸਤਾਨ ਭੱਜਣ ਦੀ ਤਾਕ ’ਚ ਸਨ। ਗੈਂਗਸਟਰਾਂ ਕੋਲੋਂ ਮਿਲੀ ਏ.ਕੇ. 47 ਬਾਰੇ ਪੂਰਾ ਸ਼ੱਕ ਹੈ ਕਿ ਇਹ ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੀ ਗਈ ਹੈ। ਗੈਂਗਸਟਰ ਦੀਪਕ ਮੁੰਡੀ ਫ਼ਰਾਰ ਹੈ ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਗੋਲਡੀ ਬਰਾਡ਼ ਬਾਰੇ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਹੈ।