ਹੋਲੇ ਮਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੀਤੀ ਦੇਰ ਰਾਤ ਹੁੱਲੜਬਾਜ਼ਾਂ ਦੀ ਭੀੜ ਵੱਲੋਂ ਇਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਕਰ ਦਿੱਤੀ ਗਈ ਜੋ ਨਿਹੰਗ ਸਿੰਘ ਵਾਲੇ ਕੱਪੜੇ ਪਾ ਕੇ ਆਇਆ ਸੀ। ਹੁੱਲੜਬਾਜ਼ਾਂ ਨੇ ਪਰਦੀਪ ਸਿੰਘ ਪ੍ਰਿੰਸ ਨਾਮੀਂ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਕਤਲ ਹੋਇਆ ਨੌਜਵਾਨ ਪਰਦੀਪ ਸਿੰਘ ਪ੍ਰਿੰਸ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਾਜੀਕੋਟ ਦਾ ਮੂਲ ਵਸਨੀਕ ਸੀ, ਜੋ ਕੈਨੇਡਾ ਦਾ ਪੀ.ਆਰ. ਸੀ। ਘਟਨਾ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਇਹ ਘਟਨਾ ਬੀਤੀ ਦੇਰ ਰਾਤ ਤਕਰੀਬਨ 10.30 ਵਜੇ ਸ੍ਰੀ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਜਾਂਦੀ ਸੜਕ ‘ਤੇ ਪਿੰਡ ਬੱਢਲ ਕੋਲ ਬਣੇ ਸਵਾਗਤੀ ਗੇਟ ਦੇ ਸਾਹਮਣੇ ਵਾਪਰੀ। ਦੱਸਣਾ ਬਣਦਾ ਹੈ ਕਿ ਬੀਤੇ ਕੱਲ੍ਹ ਇਸੇ ਗੇਟ ਕੋਲ ਹੀ ਮੋਟਰਸਾਈਕਲਾਂ ਦੇ ਸਾਇਲੰਸਰ ਲਾਹ ਕੇ ਪਟਾਕੇ ਮਾਰਨ ਵਾਲੇ ਹੁੱਲੜਬਾਜ਼ਾਂ ਨੂੰ ਕੁਝ ਨਿਹੰਗ ਸਿੰਘਾਂ ਵੱਲੋਂ ਰੋਕਣ ਦੀ ਇਕ ਵੀਡੀਓ ਵਾਇਰਲ ਹੋਈ ਸੀ। ਸ੍ਰੀ ਆਨੰਦਪੁਰ ਸਾਹਿਬ ਦੇ ਥਾਣਾ ਮੁਖੀ ਸਿਮਰਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਬਹੁਤ ਜਲਦ ਕਾਤਲਾਂ ਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਵੱਖੀ ‘ਚ ਸੱਟ ਦੇ ਨਿਸ਼ਾਨ ਹਨ ਅਤੇ ਪੋਸਟ-ਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪੂਰਾ ਪਤਾ ਲੱਗੇਗਾ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ‘ਚ ਸੱਤ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਏ ਹਨ, ਜਿਸ ਬਾਰੇ ਪੁਲੀਸ ਨੇ ਫਿਲਹਾਲ ਪੁਸ਼ਟੀ ਨਹੀਂ ਕੀਤੀ। ਇਕ ਹੋਰ ਰਿਪੋਰਟ ਮੁਤਾਬਕ ਹੋਲੇ ਮਹੱਲੇ ਦੀ ਪਹਿਲੀ ਰਾਤ ਨਿਹੰਗ ਸਿੰਘ ਬਾਣੇ ‘ਚ ਨੌਜਵਾਨ ਦਾ ਕਤਲ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਵੱਲ ਆਉਂਦੇ ਗੇਟ ਦੇ ਕੋਲ ਰਾਤ ਨੂੰ ਕੁਝ ਨਿਹੰਗ ਸਿੰਘ ਉਨ੍ਹਾਂ ਗੱਡੀਆਂ ਨੂੰ ਰੋਕ ਰਹ ਸਨ ਜੋ ਬਿਨਾਂ ਸਿਲੰਸਰ ਮੋਟਰਸਾਈਕਲ, ਟਰੈਕਟਰਾ ਤੇ ਵੱਡੇ ਸਪੀਕਰ ਲਗਾ ਕੇ ਹੋਲੇ ਮਹੱਲੇ ਤੇ ਆਉਣ ਵਾਲਿਆਂ ਨੂੰ ਰੋਕ ਰਹੇ ਸਨ ਕਿ ਇਕ ਟਰੈਕਟਰ ਨੂੰ ਰੋਕਣ ਤੇ ਉਸ ‘ਚ ਸਵਾਰ ਨੌਜਵਾਨਾਂ ਨਾਲ ਝਗੜਾ ਹੋ ਗਿਆ ਤੇ ਇਸ ਝਗੜੇ ‘ਚ 30-35 ਸਾਲਾ ਨੌਜਵਾਨ ਦਾ ਕਤਲ ਹੋ ਗਿਆ। ਇਸ ਸਬੰਧੀ ਡੀ.ਐਸ.ਪੀ. ਅਜੇ ਸਿੰਘ ਨਾਲ ਗੱਲ ਕਰਨ ‘ਤੇ ਉਨ੍ਹਾਂ ਮੰਨਿਆ ਕਿ ਰਾਤ ਇਕ ਝਗੜਾ ਹੋਇਆ ਜਿਸ ‘ਚ ਇਕ ਨੋਜਵਾਨ ਦੀ ਮੋਤ ਹੋ ਗਈ ਜਿਸ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਸੀ।